ਖਮਾਣੋਂ, 19 ਜੂਨ (ਜੋਗਿੰਦਰ ਪਾਲ)-ਪ੍ਰਵੀਨ ਰਾਣਾ ਪ੍ਰਧਾਨ ਮਹਿਲਾ ਕਾਂਗਰਸ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਨੇ ਮੰਗ ਕੀਤੀ ਕਿ ਤਹਿਸੀਲ ਕੰਪਲੈਕਸ ਵਿਚ ਬੈਠੇ ਟਾਈਪਿਸਟਾਂ/ਅਰਜ਼ੀ ਨਵੀਸਾਂ ਆਦਿ ਲਈ ਜਗ੍ਹਾ ਦਾ ਪ੍ਰਬੰਧ ਕੀਤਾ ਜਾਵੇ, ਕਿਉਂਕਿ ਉਨ੍ਹਾਂ ਨੂੰ ਸੌਖੀ ਰਜਿਸਟਰੀ ਦੇ ਨਾਮ 'ਤੇ ਤਹਿਸੀਲ ਕੰਪਲੈਕਸ ਵਿਚੋਂ ਬਾਹਰ ਕੱਢਿਆ ਜਾ ਰਿਹਾ ਹੈ | ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਲੋਕਾਂ ਲਈ ਸੌਖੀ ਰਜਿਸਟਰੇਸ਼ਨ ਸ਼ੁਰੂ ਕਰਨ ਜਾ ਰਹੀ ਹੈ ਤਾਂ ਜੋ ਲੋਕਾਂ ਨੂੰ ਰਜਿਸਟਰੀ ਕਰਵਾਉਣ ਵਿਚ ਕੋਈ ਮੁਸ਼ਕਿਲ ਪੇਸ਼ ਨਾ ਆਵੇ ਅਤੇ ਇਹ ਸਰਕਾਰ ਦਾ ਵਧੀਆ ਉਪਰਾਲਾ ਹੈ, ਕਿਉਂਕਿ ਇਸ ਨਾਲ ਕੁਰੱਪਸ਼ਨ ਵੀ ਘਟੇਗੀ ਤੇ ਲੋਕਾਂ ਦਾ ਸਮਾਂ ਵੀ ਬਚੇਗਾ, ਪ੍ਰੰਤੂ ਤਹਿਸੀਲ ਕੰਪਲੈਕਸ ਖਮਾਣੋਂ ਵਿਖੇ ਇਸ ਕਿੱਤੇ ਨਾਲ ਜੁੜੇ ਅਰਜ਼ੀ ਨਵੀਸ, ਟਾਈਪਿਸਟ, ਫ਼ੋਟੋ ਸਟੇਟ, ਫ਼ੋਟੋਗਰਾਫ਼ਰ ਜੋ ਤਹਿਸੀਲ ਕੰਪਲੈਕਸ ਵਿਚ ਕੈਬਿਨ ਬਣਾ ਕੇ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਕਰਦੇ ਹਨ, ਉਨ੍ਹਾਂ ਦੇ ਸਿਰ 'ਤੇ ਉਜਾੜੇ ਦੀ ਤਲਵਾਰ ਲਟਕ ਗਈ ਹੈ | ਉਨ੍ਹਾਂ ਕਿਹਾ ਕਿ ਸਰਕਾਰ ਪਹਿਲਾਂ ਇਨ੍ਹਾਂ ਲਾਇਸੈਂਸ ਹੋਲਡਰਾਂ ਲਈ ਜਗ੍ਹਾ ਦਾ ਪ੍ਰਬੰਧ ਕਰੇ, ਕਿਉਂਕਿ ਪੰਜਾਬ ਦੇ ਨੌਜਵਾਨ ਪਹਿਲਾਂ ਹੀ ਬੇਰੁਜ਼ਗਾਰੀ ਦੀ ਚੱਕੀ ਵਿਚ ਪਿਸ ਕੇ ਨਸ਼ਿਆਂ ਵੱਲ ਜਾ ਰਹੇ ਹਨ |