ਮੰਡੀ ਗੋਬਿੰਦਗੜ੍ਹ, 20 ਜੂਨ (ਇਕਬਾਲ ਸੰਧੂ)-ਭਾਰਤੀ ਮਾਣਕ ਬਿਊਰੋ ਵਲੋਂ ਲੋਹਾ ਨਗਰੀ ਮੰਡੀ ਗੋਬਿੰਦਗੜ੍ਹ ਸਥਿਤ ਇਕ ਸਟੀਲ ਯੂਨਿਟ 'ਤੇ ਛਾਪਾ ਮਾਰ ਕੇ ਉੱਥੋਂ 180 ਮੀਟਿ੍ਕ ਟਨ ਗੈਰ-ਕਾਨੂੰਨੀ ਸਮਾਨ ਜ਼ਬਤ ਕਰਨ ਦਾ ਦਾਅਵਾ ਕੀਤਾ ਗਿਆ ਹੈ | ਜਾਣਕਾਰੀ ਅਨੁਸਾਰ ਮੁਖੀ ਅਤੇ ਨਿਰਦੇਸ਼ਕ, ਬਿਊਰੋ ਆਫ਼ ਇੰਡੀਅਨ ਸਟੈਂਡਰਡਜ਼ (ਬੀ.ਆਈ.ਐਸ.), ਪਰਵਾਣੂ ਸ਼ਾਖਾ ਐਸ. ਸੀ. ਨਾਇਕ ਵਲੋਂ ਗਠਿਤ ਇਕ ਟੀਮ ਵਲੋਂ ਮੰਡੀ ਗੋਬਿੰਦਗੜ੍ਹ ਦੀ ਕੇ.ਐਲ. ਅਲਾਇਜ ਪ੍ਰਾਈਵੇਟ ਲਿਮਟਿਡ ਵਿਚ ਛਾਪੇਮਾਰੀ ਦੌਰਾਨ, ਇਹ ਪਾਇਆ ਗਿਆ ਕਿ ਉਕਤ ਯੂਨਿਟ ਵੈਧ ਬੀ.ਆਈ.ਐਸ. ਲਾਇਸੈਂਸ ਤੋਂ ਬਿਨਾਂ ਗਰਮ ਰੋਲਡ ਮੀਡੀਅਮ ਅਤੇ ਉੱਚ ਟੈਂਸਿਲ ਸਟਰਕਚਰਲ ਸਟੀਲ ਦਾ ਨਿਰਮਾਣ ਅਤੇ ਸਟੋਰ ਕਰ ਰਿਹਾ ਸੀ | ਇਹ ਕਾਰਵਾਈ ਸਟੀਲ ਮੰਤਰਾਲੇ ਦੁਆਰਾ 29 ਅਗਸਤ 2024 ਨੂੰ ਜਾਰੀ ਗੁਣਵੱਤਾ ਨਿਯੰਤਰਨ ਆਦੇਸ਼ (ਕਿਊ ਸੀ ਓ) ਨੰਬਰ ਐੱਸ.ਓ. 3716 (ਈ) ਦੀ ਉਲੰਘਣਾ ਹੈ | ਜਾਂਚ ਦੌਰਾਨ ਇਹ ਵੀ ਪਾਇਆ ਗਿਆ ਕਿ ਮਿਆਰੀ ਨਿਸ਼ਾਨ ਤੋਂ ਬਿਨਾਂ ਲਗਭਗ 180 ਮੀਟਿ੍ਕ ਟਨ ਮਾਲ ਬਣਾਇਆ ਹੋਇਆ ਸੀ | ਜਿਸ ਨੂੰੂ ਟੀਮ ਵਲੋਂ ਜ਼ਬਤ ਕਰ ਲਿਆ ਗਿਆ | ਉਕਤ ਗੁਣਵੱਤਾ ਨਿਯੰਤਰਨ ਆਦੇਸ਼ ਦੇ ਅਨੁਸਾਰ ਕੋਈ ਵੀ ਵਿਅਕਤੀ ਮਿਆਰੀ ਨਿਸ਼ਾਨ ਅਤੇ ਇਕ ਵੈਧ ਬੀ.ਆਈ.ਐੱਸ. ਲਾਇਸੈਂਸ ਤੋਂ ਬਿਨਾਂ ਕਿਸੇ ਵੀ ਅਜਿਹੇ ਸਾਮਾਨ, ਵਸਤੂ, ਪ੍ਰਕਿਰਿਆ, ਪ੍ਰਣਾਲੀ ਜਾਂ ਸੇਵਾ ਦਾ ਨਿਰਮਾਣ, ਆਯਾਤ, ਵੰਡ, ਵਿੱਕਰੀ, ਕਿਰਾਏ, ਲੀਜ਼, ਸਟੋਰ ਜਾਂ ਪ੍ਰਦਰਸ਼ਨ ਨਹੀਂ ਕਰ ਸਕਦਾ | ਇਸ ਗੰਭੀਰ ਉਲੰਘਣਾ ਦੇ ਨਤੀਜੇ ਵਜੋਂ 2ਬੀ.ਆਈ.ਐੱਸ. ਐਕਟ 2016 ਦੀ ਧਾਰਾ 29 ਦੇ ਤਹਿਤ ਸਬੰਧਿਤ ਫ਼ਰਮ ਵਿਰੁੱਧ ਕਾਰਵਾਈ ਕੀਤੀ ਜਾਵੇਗੀ | ਜਿਸ ਅਨੁਸਾਰ ਐਕਟ ਦੇ ਅਨੁਸਾਰ, ਘੱਟੋ-ਘੱਟ 2 ਲੱਖ ਤੱਕ ਦਾ ਜੁਰਮਾਨਾ ਜਾਂ ਦੋ ਸਾਲ ਤੱਕ ਦੀ ਕੈਦ ਜਾਂ ਦੋਵੇਂ ਵੀ ਹੋ ਸਕਦੀ ਹੈ | ਨਿਰਦੇਸ਼ਕ ਐਸ.ਸੀ. ਨਾਇਕ ਨੇ ਕਿਹਾ ਕਿ ਬੀ.ਆਈ.ਐੱਸ. ਖਪਤਕਾਰਾਂ ਨੂੰ ਸੁਰੱਖਿਅਤ, ਗੁਣਵੱਤਾ ਵਾਲੇ ਉਤਪਾਦ ਪ੍ਰਦਾਨ ਕਰਨ ਲਈ ਵਚਨਬੱਧ ਹੈ ਅਤੇ ਸਾਰੇ ਨਿਰਮਾਤਾਵਾਂ ਨੂੰ ਭਾਰਤੀ ਮਿਆਰਾਂ ਅਤੇ ਲਾਇਸੈਂਸ ਨਿਯਮਾਂ ਦੀ ਸਖ਼ਤੀ ਨਾਲ ਪਾਲਨਾ ਕਰਨ ਦੀ ਤਾਕੀਦ ਕਰਦਾ ਹੈ | ਅਜਿਹਾ ਨਾ ਕਰਨ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇਗੀ, ਕਿਉਂਕਿ ਮਹਿਕਮੇ ਵਲੋਂ ਨਿਰੰਤਰ ਟੀਮਾਂ ਜਾਂਚ ਕਰਦੀਆਂ ਰਹਿੰਦੀਆਂ ਹਨ |