ਬਸੀ ਪਠਾਣਾਂ/ਫ਼ਤਹਿਗੜ੍ਹ ਸਾਹਿਬ, 20 ਜੂਨ (ਮੌਦਗਿਲ)-ਸਰਹਿੰਦ ਸ਼ਹਿਰ ਦੇ ਕਈ ਹਲਕਿਆਂ ਨੂੰ ਪੀਲੀਏ ਦੀ ਬਿਮਾਰੀਆਂ ਵਲੋਂ ਆਪਣੀ ਲਪੇਟ 'ਚ ਲਏ ਜਾਣ ਦੀ ਸੂਚਨਾ ਹੈ | ਹੈਰਾਨੀ ਦੀ ਗੱਲ ਹੈ ਕਿ ਜ਼ਿਆਦਾਤਰ ਪੀੜਤ ਮਰੀਜ਼ ਸਰਕਾਰੀ ਹਸਪਤਾਲਾਂ ਵਿਚ ਜਾਣ ਦੀ ਬਜਾਏ ਪ੍ਰਾਈਵੇਟ ਹਸਪਤਾਲਾਂ ਵਿਚ ਇਲਾਜ ਕਰਵਾਉਣ ਨੂੰ ਤਰਜੀਹ ਦੇ ਰਹੇ ਹਨ | ਬਸੀ ਪਠਾਣਾਂ ਵਿਖੇ ਕੁਲਦੀਪ ਹਸਪਤਾਲ ਦੇ ਮਾਲਕ ਡਾ. ਕੁਲਦੀਪ ਗੁਪਤਾ ਨੇ ਪਿਛਲੇ ਕੁੱਝ ਦਿਨਾਂ ਵਿਚ ਲਗਾਤਾਰ ਪੀਲੀਏ ਦੇ 40 ਤੋਂ 50 ਮਰੀਜ਼ ਆਉਣ ਦੀ ਪੁਸ਼ਟੀ ਕੀਤੀ ਹੈ | ਉਨ੍ਹਾਂ ਦੱਸਿਆ ਕਿ ਜ਼ਿਆਦਾਤਰ ਮਰੀਜ਼ ਸਰਹਿੰਦ ਸ਼ਹਿਰ ਦੇ ਮੁਹੱਲਾ ਦਲੀਚੀ, ਜੱਟਪੁਰਾ ਤੇ ਬਹਿਲਾਂ ਨਾਲ ਸਬੰਧਿਤ ਹਨ, ਜਿਨ੍ਹਾਂ ਦਾ ਇਲਾਜ ਜਾਰੀ ਹੈ | ਉਨ੍ਹਾਂ ਕਿਹਾ ਕਿ ਪੀਲੀਆ ਫੈਲਣ ਦਾ ਕਾਰਨ ਪੀਣ ਵਾਲੇ ਪਾਣੀ 'ਚ ਗੜਬੜ ਹੋ ਸਕਦੀ ਹੈ, ਉਸ ਵਿਚ ਸੀਵਰੇਜ ਦਾ ਪਾਣੀ ਮਿਲਿਆ ਹੋਇਆ ਹੋ ਸਕਦਾ ਹੈ | ਡਾ. ਕੁਲਦੀਪ ਨੇ ਕਿਹਾ ਕਿ ਉਨ੍ਹਾਂ ਵਲੋਂ ਸਿਵਲ ਸਰਜਨ ਦਫ਼ਤਰ ਨੂੰ ਸੂਚਿਤ ਵੀ ਕਰ ਦਿੱਤਾ ਗਿਆ ਹੈ | ਉਨ੍ਹਾਂ ਦੱਸਿਆ ਕਿ ਪੀਲੀਏ ਦੇ ਮਰੀਜ਼ ਨੂੰ ਪੇਟ ਦਰਦ ਤੇ ਉਲਟੀ ਦੀ ਸ਼ਿਕਾਇਤ ਹੋ ਸਕਦੀ ਹੈ, ਜਿਸ ਦੇ ਲਈ ਲੋਕਾਂ ਨੂੰ ਪਾਣੀ ਉਬਾਲ ਕੇ ਪੀਣਾ ਚਾਹੀਦਾ ਹੈ | ਇਸ ਸਬੰਧੀ ਸਿਵਲ ਸਰਜਨ ਡਾ. ਦਵਿੰਦਰਜੀਤ ਕੌਰ ਨਾਲ ਸੰਪਰਕ ਕੀਤਾ ਤਾਂ ਉਨ੍ਹਾਂ ਫ਼ੋਨ 'ਤੇ ਗੱਲ ਕਰਨਾ ਮੁਨਾਸਬ ਨਹੀਂ ਸਮਝਿਆ, ਜਦਕਿ ਸੀਨੀਅਰ ਮੈਡੀਕਲ ਅਫ਼ਸਰ ਸਿਵਲ ਹਸਪਤਾਲ ਫ਼ਤਹਿਗੜ੍ਹ ਸਾਹਿਬ ਡਾ. ਕੇ.ਡੀ. ਸਿੰਘ ਨੇ ਕਿਹਾ ਕਿ ਸਿਹਤ ਵਿਭਾਗ ਵਲੋਂ ਟੀਮਾਂ ਮੌਕੇ 'ਤੇ ਭੇਜੀਆਂ ਜਾ ਰਹੀਆਂ ਹਨ, ਤਾਂ ਜੋ ਕਾਰਨ ਦੀ ਤਹਿ ਤੱਕ ਜਾ ਕੇ ਸਮੱਸਿਆ ਨੂੰ ਹੱਲ ਕੀਤਾ ਜਾ ਸਕੇ |