ਪਟਿਆਲਾ, 21 ਜੂਨ (ਕੁਲਵੀਰ ਸਿੰਘ ਧਾਲੀਵਾਲ)-ਪੰਜਾਬੀ ਯੂਨੀਵਰਸਿਟੀ ਪਟਿਆਲਾ ਦੇ ਮੁੱਖ ਗੇਟ ਸਾਹਮਣੇ ਵਾਹਨ ਚਾਲਕਾਂ ਨੂੰ ਆਵਾਜਾਈ ਦੀ ਭਾਰੀ ਸਮੱਸਿਆ ਪੇਸ਼ ਆਉਂਦੀ ਹੈ | ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਦੇ ਸਾਹਮਣੇ ਲੰਘਦੇ ਨੈਸ਼ਨਲ ਹਾਈਵੇ ਨੰਬਰ ਸੱਤ ਉੱਤੇ ਪੰਜਾਬੀ ਯੂਨੀਵਰਸਿਟੀ ਦੇ ਮੁੱਖ ਗੇਟ ਸਾਹਮਣੇ ਪੁੱਲ ਬਣਨ ਕਰਕੇ ਦੋਵੇਂ ਪਾਸੇ ਦੇ ਸਲਿਪ ਰੋਡ ਕਾਫੀ ਤੰਗ ਰਹਿ ਗਏ ਹਨ | ਇਸ ਤੋਂ ਇਲਾਵਾ ਯੂਨੀਵਰਸਿਟੀ ਦੇ ਆਲੇ ਦੁਆਲੇ ਕਈ ਰਿਹਾਇਸ਼ੀ ਕਲੋਨੀਆਂ ਜਿਵੇਂ ਕਿ ਅਰਬਨ ਅਸਟੇਟ ਫੇਜ ਇਕ, ਦੋ, ਤਿੰਨ, ਚਾਰ, ਪ੍ਰੋਫੈਸਰ ਕਲੋਨੀ, ਵਿੱਦਿਆ ਨਗਰ ਆਦਿ ਹੋਣ ਕਰਕੇ ਇਨ੍ਹਾਂ ਸਲਿਪ ਸੜਕਾਂ ਉੱਤੇ ਕਾਫੀ ਜਿਆਦਾ ਆਵਾਜਾਈ ਰਹਿੰਦੀ ਹੈ | ਇਨ੍ਹਾਂ ਰਿਹਾਇਸ਼ੀ ਇਲਾਕਿਆਂ ਵਿਚ ਰਹਿਣ ਵਾਲੇ ਲੋਕ ਆਪਣੀ ਆਮ ਆਵਾਜਾਈ ਲਈ ਇਨ੍ਹਾਂ ਸਲਿਪ ਸੜਕਾਂ ਨੂੰ ਹੀ ਵਰਤਦੇ ਹਨ | ਆਵਾਜਾਈ ਵਿਚ ਸਭ ਤੋਂ ਵੱਡੀ ਸਮੱਸਿਆ ਯੂਨੀਵਰਸਿਟੀ ਸਾਹਮਣੇ ਬਣੇ ਪੁਲ ਹੇਠ ਵਾਹਨਾਂ ਦੀ ਪਾਰਕਿੰਗ ਕੀਤੇ ਜਾਣਾ ਹੈ | ਇਸ ਤੋਂ ਇਲਾਵਾ ਇਸ ਪੁਲ ਹੇਠਾਂ ਬਹੁਤ ਸਾਰੀਆਂ ਰੇਹੜੀਆਂ ਵੀ ਲੱਗਦੀਆਂ ਹਨ | ਰੇਹੜੀਆਂ ਵਾਲੇ ਪੁਲ ਹੇਠ ਆਪਣੀਆਂ ਰੇਹੜੀਆਂ ਲਗਾਉਂਦੇ ਹਨ ਜਿਸ ਉਪਰੰਤ ਲੋਕ ਇਨ੍ਹਾਂ ਤੋਂ ਸਮਾਨ ਖਰੀਦੇ ਹਨ ਅਤੇ ਇੱਥੇ ਕਾਫੀ ਭੀੜ ਲੱਗ ਜਾਂਦੀ ਹੈ | ਜਿਸ ਕਾਰਨ ਇਥੋਂ ਵਾਹਨਾਂ ਦਾ ਲੰਘਣਾ ਤਾਂ ਦੂਰ ਦੀ ਗੱਲ ਸਗੋਂ ਪੈਦਲ ਤੁਰ ਕੇ ਲੰਘਣਾ ਵੀ ਮੁਸ਼ਕਿਲ ਹੋ ਜਾਂਦਾ ਹੈ | ਇਸ ਤੋਂ ਇਲਾਵਾ ਆਟੋ ਚਾਲਕ ਵੀ ਇਸ ਪੁਲ ਹੇਠ ਆਪਣੇ ਆਟੋ ਖੜੇ੍ਹ ਕਰਦੇ ਹਨ, ਸਵਾਰੀਆਂ ਚੜ੍ਹਾਉਂਦੇ ਉਤਾਰਦੇ ਹਨ ਅਤੇ ਸਵਾਰੀਆਂ ਦੀ ਉਡੀਕ ਵੀ ਕਰਦੇ ਹਨ | ਇਸ ਪੁਲ ਹੇਠ ਬਹੁਤ ਲੋਕ ਆਪਣੇ ਵਾਹਨ ਪਾਰਕ ਕਰਕੇ ਬੱਸਾਂ ਰਾਹੀਂ ਆਪਣੇ ਦਫਤਰਾਂ ਵਿਚ ਪਹੁੰਚਦੇ ਹਨ | ਇੱਥੇ ਪਾਰਕ ਕੀਤੇ ਵਾਹਨ ਆਵਾਜਾਈ ਦੀ ਬਹੁਤ ਵੱਡੀ ਸਮੱਸਿਆ ਬਣਦੇ ਹਨ ਕਈ ਵਾਰ ਤਾਂ ਵੱਡੀ ਗਿਣਤੀ ਵਿਚ ਵਾਹਨ ਇੱਥੇ ਖੜੇ੍ਹ ਕੀਤੇ ਜਾਂਦੇ ਹਨ ਕਿ ਯੂਨੀਵਰਸਿਟੀ ਵਿਚੋਂ ਛੁੱਟੀ ਹੋਣ ਮੌਕੇ ਪੁਲ ਦੇ ਹੇਠੋਂ ਲੰਘਣ ਲਈ ਰਸਤਾ ਵੀ ਨਹੀਂ ਬਚਦਾ | ਇਸ ਥਾਂ 'ਤੇ ਆਵਾਜਾਈ ਇੰਨੀ ਜਿਆਦਾ ਬੇਕਾਬੂ ਹੋ ਜਾਂਦੀ ਹੈ ਕਿ ਕਈ ਵਾਰ ਵਾਹਨ ਚਾਲਕ ਕਾਫੀ ਸਮਾਂ ਇੱਥੇ ਖੜ੍ਹੇ ਰਹਿੰਦੇ ਹਨ ਕਈ ਵਾਰ ਇਥੋਂ ਲੰਘਣ ਲਈ ਰਾਹਗੀਰਾਂ ਵਿਚ ਲੜਾਈ ਵੀ ਹੋ ਜਾਂਦੀ ਹੈ | ਯੂਨੀਵਰਸਟੀ ਦੇ ਗੇਟ ਦੇ ਐਨ ਸਾਹਮਣੇ ਕਾਰਾਂ, ਬੱਸਾਂ, ਆਟੋ ਰਿਕਸ਼ਾ ਆਦਿ ਹਰ ਤਰ੍ਹਾਂ ਦੇ ਵਾਹਨ ਮੌਜੂਦ ਹਨ ਪਰ ਇਨ੍ਹਾਂ ਵਾਹਨਾਂ ਦੇ ਲੰਘ ਸਕਣ ਲਈ ਥਾਂ ਮੌਜੂਦ ਨਹੀਂ ਹੈ | ਪੰਜਾਬੀ ਯੂਨੀਵਰਸਿਟੀ ਸਾਹਮਣੇ ਬਣੀਆਂ ਦੁਕਾਨਾਂ ਦੇ ਅੱਗੇ ਵੀ ਲੋਕ ਆਪਣੇ ਦੋ ਪਹੀਆ ਵਾਹਨ ਅਤੇ ਕਾਰਾਂ ਪਾਰਕ ਕਰਕੇ ਦੁਕਾਨਾਂ ਵਿੱਚੋਂ ਸਮਾਨ ਖਰੀਦਦੇ ਹਨ | ਇਨ੍ਹਾਂ ਵਾਹਨ ਚਾਲਕ ਕੋਲ ਦੁਕਾਨਾਂ ਅੱਗੇ ਵਾਹਨ ਖੜ੍ਹੇ ਕਰਨ ਤੋਂ ਇਲਾਵਾ ਹੋਰ ਕੋਈ ਪਾਰਕਿੰਗ ਦੀ ਥਾਂ ਨਹੀਂ ਹੈ | ਪਰ ਦੁਕਾਨਾਂ ਸਾਹਮਣੇ ਖੜੇ ਇਹ ਵਾਹਨ ਆਵਾਜਾਈ ਦੀ ਨਿਰੰਤਰਤਾ ਵਿਚ ਅੜਿਕਾ ਬਣਦੇ ਹਨ | ਪੰਜਾਬੀ ਯੂਨੀਵਰਸਿਟੀ ਤੋਂ ਅਰਬਨ ਅਸਟੇਟ ਪਟਿਆਲਾ ਨੂੰ ਆ ਰਹੀ ਸਲਿਪ ਸੜਕ ਤੇ ਅਕਸਰ ਲੋਕ ਗਲਤ ਸਾਈਡ ਵਾਹਨ ਵੀ ਚਲਾਉਂਦੇ ਹਨ ਤੇ ਆਵਾਜਾਈ ਦੀ ਸਮੱਸਿਆ ਨੂੰ ਵਧਾਉਂਦੇ ਹਨ |