ਅਮਲੋਹ, 16 ਅਕਤੂਬਰ (ਕੇਵਲ ਸਿੰਘ)-ਸਾਬਕਾ ਮੰਤਰੀ ਕਾਕਾ ਰਣਦੀਪ ਸਿੰਘ ਨਾਭਾ ਨੇ ਕਿਹਾ ਕਿ ਪੰਜਾਬ ਵਿਚ ਹੜ੍ਹਾਂ ਕਰਕੇ ਕਿਸਾਨਾਂ ਦੀਆਂ ਫ਼ਸਲਾਂ, ਪਸ਼ੂ ਅਤੇ ਮਕਾਨਾਂ ਦਾ ਭਾਰੀ ਨੁਕਸਾਨ ਹੋਇਆ ਹੈ | ਸਰਕਾਰ ਵਲੋਂ ਜੋ ਮੁਆਵਜ਼ਾ ਦਿੱਤਾ ਜਾ ਰਿਹਾ ਹੈ ਉਹ ਬਹੁਤ ਘੱਟ ਹੈ | ਇਸ ਤੋਂ ਬਾਅਦ ਬਾਕੀ ਬਚੀਆਂ ਫ਼ਸਲਾਂ ਦਾ ਮੁੱਖ ਰੂਪ ਵਿਚ ਝੋਨੇ ਦੀ ਫ਼ਸਲ ਦਾ ਮੀਂਹ ਕਾਰਨ ਕਿਸਾਨਾਂ ਨੂੰ ਵੱਡਾ ਨੁਕਸਾਨ ਝੱਲਣਾ ਪੈ ਰਿਹਾ ਹੈ ਅਤੇ ਝੋਨੇ ਦੀ ਫ਼ਸਲ ਦਾ ਝਾੜ ਬਹੁਤ ਘੱਟ ਹੈ, ਖ਼ਾਸ ਕਰਕੇ 1509 ਬਾਸਮਤੀ ਬੀਜਣ ਵਾਲੇ ਕਿਸਾਨਾਂ ਨੂੰ ਝਾੜ ਘੱਟ ਹੋਣ ਕਾਰਨ 20 ਤੋਂ 30 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਨੁਕਸਾਨ ਹੋਇਆ ਹੈ | ਹੋਰ ਕਿਸਮਾਂ ਦੇ ਝੋਨੇ ਵਾਲਿਆਂ ਨੂੰ ਵੀ 10 ਤੋਂ 20 ਹਜ਼ਾਰ ਰੁਪਏ ਪ੍ਰਤੀ ਏਕੜ ਦਾ ਘਾਟਾ ਚੁੱਕਣਾ ਪਿਆ ਹੈ ਜਿਸ ਕਰਕੇ ਕਿਸਾਨੀ ਕਰਜ਼ੇ ਵਿਚ ਡੁੱਬ ਜਾਵੇਗੀ | ਇਸ ਲਈ ਕੇਂਦਰ ਅਤੇ ਰਾਜ ਸਰਕਾਰ ਨੂੰ ਚਾਹੀਦਾ ਹੈ ਕਿ ਕਿਸਾਨੀ ਬਚਾਉਣ ਲਈ ਤੁਰੰਤ ਵਾਧੂ ਬੋਨਸ ਦਾ ਐਲਾਨ ਕੀਤਾ ਜਾਵੇ | ਇਸ ਦੇ ਨਾਲ-ਨਾਲ ਝੋਨੇ ਦੀ ਕੁਆਲਿਟੀ ਨੂੰ ਧਿਆਨ ਵਿਚ ਰੱਖਦਿਆਂ ਸ਼ੈਲਰ ਇੰਡਸਟਰੀ ਲਈ ਵੀ ਕੁਝ ਛੋਟਾਂ ਦਾ ਐਲਾਨ ਕਰਨਾ ਲਾਜ਼ਮੀ ਹੈ, ਤਾਂ ਜੋ ਇਹ ਉਦਯੋਗ ਵੀ ਬਚ ਸਕੇ | ਇਸ ਮੌਕੇ ਬਲਾਕ ਪ੍ਰਧਾਨ ਜਗਵੀਰ ਸਿੰਘ ਸਲਾਣਾ, ਗੁਰਬਚਨ ਸਿੰਘ ਕਾਹਨਪੁਰਾ, ਗੁਰਪ੍ਰੀਤ ਸਿੰਘ ਗਰੇਵਾਲ, ਬਲਵੀਰ ਸਿੰਘ ਮਿੰਟੂ, ਜੱਗੀ ਬੜੈਚਾਂ, ਹਰਵਿੰਦਰ ਸਿੰਘ ਧੂੰਮੀ, ਅਮਰੀਕ ਸਿੰਘ ਲਾਡਪੁਰ, ਜੱਗਾ ਸਿੰਘ ਸਮਸ਼ਪੁਰ, ਸੁੱਖਾ ਖੁੰਮਣਾ, ਲਵਪ੍ਰੀਤ ਕਾਹਨਪੁਰਾ, ਹਰਪ੍ਰੀਤ ਸਿੰਘ ਗੁਰਧਨਪੁਰ, ਪੀ.ਏ. ਮਨਪ੍ਰੀਤ ਸਿੰਘ ਮਿੰਟਾ ਤੇ ਹੋਰ ਕਾਂਗਰਸੀ ਆਗੂ ਤੇ ਵਰਕਰ ਮੌਜੂਦ ਸਨ |