ਮੰਡੀ ਗੋਬਿੰਦਗੜ੍ਹ, 16 ਅਕਤੂਬਰ (ਰਾਜੇਸ਼ ਸ਼ਰਮਾ)-ਨਗਰ ਕੌਂਸਲ ਗੋਬਿੰਦਗੜ੍ਹ ਦੇ ਪ੍ਰਾਪਰਟੀ ਟੈਕਸ ਵਿਭਾਗ ਵਲੋਂ ਜਾਇਦਾਦ ਟੈਕਸ ਡਿਫਾਲਟਰਾਂ ਦੇ ਖ਼ਿਲਾਫ਼ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | ਨਗਰ ਕੌਂਸਲ ਵਲੋਂ ਟੈਕਸ ਤੇ ਜੁਰਮਾਨਾ ਅਤੇ ਵਿਆਜ ਮੁਆਫ਼ੀ ਦੀ ਮਿਆਦ ਖ਼ਤਮ ਹੋਣ ਤੋਂ ਬਾਅਦ ਸ਼ਹਿਰ ਵਿਚ ਪ੍ਰਾਪਰਟੀ ਟੈਕਸ ਦੇ ਲੰਬਿਤ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਜਾ ਰਹੇ ਹਨ | ਇਸ ਸੰਬੰਧੀ ਜਾਣਕਾਰੀ ਦਿੰਦਿਆਂ ਨਗਰ ਕੌਂਸਲ ਪ੍ਰਾਪਰਟੀ ਟੈਕਸ ਵਿਭਾਗ ਦੇ ਸੁਪਰਡੈਂਟ ਕਿਰਨਦੀਪ ਸਿੰਘ ਨੇ ਕਿਹਾ ਕਿ ਪੰਜਾਬ ਸਰਕਾਰ ਦੀਆਂ ਹਿਦਾਇਤਾਂ ਮੁਤਾਬਿਕ ਨਗਰ ਕੌਂਸਲ ਦੀ ਹਦੂਦ ਅੰਦਰ ਆਉਂਦੇ ਵਸਨੀਕਾਂ ਲਈ ਵਿਆਜ ਤੇ ਜੁਰਮਾਨਾ ਮੁਆਫ਼ੀ ਦੀ ਸਕੀਮ ਜਾਰੀ ਕੀਤੀ ਗਈ ਸੀ, ਜਿਸ ਦੇ ਚੱਲਦੇ ਬਹੁਤ ਸਾਰੇ ਨਿਵਾਸੀਆਂ ਵਲੋਂ ਆਪਣੇ ਟੈਕਸ ਦੇ ਬਕਾਇਆ ਜਮ੍ਹਾ ਕਰਵਾ ਦਿੱਤੇ ਗਏ ਹਨ ਪਰ ਕੁੱਝ ਨਿਵਾਸੀਆਂ ਵਲੋਂ ਆਪਣੇ ਬਕਾਇਆ ਟੈਕਸ ਜਮ੍ਹਾ ਨਹੀਂ ਕਰਵਾਏ ਗਏ, ਉਨ੍ਹਾਂ 'ਤੇ ਸਖ਼ਤੀ ਨਾਲ ਕਾਰਵਾਈ ਕਰਦੇ ਹੋਏ ਨਗਰ ਕੌਂਸਲ ਵਲੋਂ ਕਰੀਬ 5 ਟੈਕਸ ਡਿਫਾਲਟਰਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਅਤੇ ਜਿਨ੍ਹਾਂ ਦੀਆਂ ਪ੍ਰਾਪਰਟੀਆਂ ਨੂੰ ਸੀਲ ਕਰਨ ਦੀ ਕਾਰਵਾਈ ਸ਼ੁਰੂ ਕੀਤੀ ਗਈ ਹੈ | ਇਨ੍ਹਾਂ ਨੋਟਿਸਾਂ ਨੂੰ ਦੇਖਦੇ ਹੋਏ 4 ਟੈਕਸ ਡਿਫਾਲਟਰਾਂ ਵਲੋਂ ਆਪਣੇ ਬਕਾਇਆ ਟੈਕਸ ਜਮ੍ਹਾ ਕਰਵਾ ਦਿੱਤੇ ਗਏ ਹਨ | ਇਨ੍ਹਾਂ ਵਲੋਂ ਨਗਰ ਕੌਂਸਲ ਨੂੰ 10 ਪ੍ਰਤੀਸ਼ਤ ਜੁਰਮਾਨੇ ਸਮੇਤ ਕਰੀਬ 4 ਲੱਖ ਰੁਪਏ ਟੈਕਸ ਜਮ੍ਹਾਂ ਕਰਵਾਇਆ ਗਿਆ ਹੈ | ਇਸ ਤੋਂ ਇਲਾਵਾ ਇਕ ਬਿਲਡਿੰਗ ਬੈਂਕ ਪਾਸ ਕਿਰਾਏ 'ਤੇ ਹੋਣ ਕਾਰਨ ਨਗਰ ਕੌਂਸਲ ਵਲੋਂ ਬੈਂਕ ਨੂੰ ਕਿਰਾਇਆ ਅਟੈਚ ਕਰਨ ਸੰਬੰਧੀ ਨਗਰ ਕੌਂਸਲ ਐਕਟ 1911 ਦੀ ਧਾਰਾ 81 (ਈ) ਅਧੀਨ ਨੋਟਿਸ ਜਾਰੀ ਕਰ ਬੈਂਕ ਮੈਨੇਜਰ ਵੱਲ ਪ੍ਰਾਪਰਟੀ ਮਾਲਕ ਵਲੋਂ ਦਿੱਤੇ ਜਾਣ ਵਾਲਾ ਕਿਰਾਇਆ ਅਟੈਚ ਕਰ ਦਿੱਤਾ ਗਿਆ ਹੈ | ਸੁਪਰਡੈਂਟ ਕਿਰਨਦੀਪ ਨੇ ਕਿਹਾ ਕਿ ਪੰਜਾਬ ਸਰਕਾਰ ਦੀ ਹਿਦਾਇਤਾਂ ਮੁਤਾਬਿਕ ਇਸ ਤਰ੍ਹਾਂ ਦੀ ਕਰਵਾਈ ਸ਼ਹਿਰ ਦੇ ਟੈਕਸ ਅਦਾਇਗੀ ਨਾ ਕਰਨ ਵਾਲਿਆਂ 'ਤੇ ਜਾਰੀ ਰਹੇਗੀ | ਬੈਂਕ ਮੈਨੇਜਰ ਨੂੰ ਕਿਰਾਇਆ ਅਟੈਚ ਕਰਨ ਮੌਕੇ ਇਨ੍ਹਾਂ ਦੇ ਨਾਲ ਕੌਂਸਲ ਦੇ ਇੰਸਪੈਕਟਰ ਰਾਜੀਵ ਕੁਮਾਰ, ਇੰਸਪੈਕਟਰ ਨਰੇਸ਼ ਕੁਮਾਰ, ਕਲਰਕ ਹਰਪ੍ਰੀਤ ਸਿੰਘ ਵੀ ਮੌਜੂਦ ਰਹੇ |