ਮੰਡੀ ਗੋਬਿੰਦਗੜ੍ਹ, 16 ਅਕਤੂਬਰ (ਇਕਬਾਲਦੀਪ ਸੰਧੂ)-ਇੱਥੋਂ ਦੇ ਸੈਕਰਡ ਹਾਰਟ ਸੀਨੀਅਰ ਸੈਕੰਡਰੀ ਸਕੂਲ ਦੀ ਵਿਦਿਆਰਥਣ ਪਰਨੀਤ ਕੌਰ ਨੇ ਐਸ.ਜੀ.ਐਫ.ਆਈ. ਸੂਬਾਈ ਤੈਕਵਾਂਡੋ ਚੈਂਪੀਅਨਸ਼ਿਪ ਵਿਚ ਕਾਂਸੀ ਦਾ ਤਗਮਾ ਜਿੱਤ ਕੇ ਸਕੂਲ ਦਾ ਨਾਮ ਰੌਸ਼ਨ ਕੀਤਾ ਹੈ | ਲੁਧਿਆਣਾ ਵਿਚ ਆਯੋਜਿਤ ਕੀਤੀ ਗਈ ਚੈਂਪੀਅਨਸ਼ਿਪ ਵਿਚ ਸੂਬੇ ਭਰ ਤੋਂ ਖਿਡਾਰੀਆਂ ਨੇ ਆਪਣੀ ਖੇਡ ਪ੍ਰਤਿਭਾ ਦਾ ਸ਼ਾਨਦਾਰ ਪ੍ਰਦਰਸ਼ਨ ਕੀਤਾ ਜਦਕਿ ਅੰਡਰ-14 (32-35) ਕਿੱਲੋ ਭਾਰ ਸ਼੍ਰੇਣੀ ਵਿਚ ਪਰਨੀਤ ਕੌਰ ਨੇ ਇਹ ਮੁਕਾਮ ਹਾਸਿਲ ਕੀਤਾ ਹੈ | ਖਿਡਾਰੀਆਂ ਨੇ ਕੋਚ ਮਿਸ ਅਮਨਦੀਪ ਕੌਰ ਅਤੇ ਸਵਰਨ ਸਿੰਘ ਚੀਮਾ ਦੀ ਅਗਵਾਈ ਤੇ ਪ੍ਰੇਰਨਾ ਨਾਲ ਸਫਲਤਾ ਪ੍ਰਾਪਤ ਕੀਤੀ | ਇਸ ਮੌਕੇ ਪਿ੍ੰਸੀਪਲ ਦਿਵਿਆ ਮਹਿਤਾ ਨੇ ਪਰਨੀਤ ਕੌਰ ਨੂੰ ਇਸ ਸ਼ਾਨਦਾਰ ਉਪਲੱਬਧੀ ਲਈ ਵਧਾਈ ਦਿੱਤੀ ਅਤੇ ਵਿਦਿਆਰਥੀਆਂ ਨੂੰ ਖੇਡਾਂ ਵਿਚ ਸਰਗਰਮੀ ਨਾਲ ਭਾਗ ਲੈਣ ਲਈ ਪ੍ਰੇਰਿਤ ਕਰਦੇ ਹੋਏ ਕਿਹਾ ਕਿ ਅਨੁਸ਼ਾਸਨ, ਮਿਹਨਤ ਅਤੇ ਖੇਡ ਭਾਵਨਾ ਹੀ ਅਸਲ ਸਫਲਤਾ ਦੇ ਆਧਾਰ ਹਨ | ਮੈਨੇਜਿੰਗ ਡਾਇਰੈਕਟਰ ਜੇ.ਪੀ.ਐਸ. ਜੋਲੀ, ਡਿਪਟੀ ਮੈਨੇਜਿੰਗ ਡਾਇਰੈਕਟਰ ਸਤਿੰਦਰਜੀਤ ਜੋਲੀ ਅਤੇ ਪ੍ਰੈਜ਼ੀਡੈਂਟ ਮਿਸ ਨਵੇਰਾ ਜੋਲੀ ਨੇ ਵੀ ਪਰਨੀਤ ਕੌਰ ਨੂੰ ਵਧਾਈ ਦੇ ਨਾਲ ਭਵਿੱਖ ਲਈ ਸ਼ੁੱਭਕਾਮਨਾਵਾਂ ਦਿੱਤੀਆਂ |