ਬਸੀ ਪਠਾਣਾਂ, 16 ਅਕਤੂਬਰ (ਐਚ.ਐਸ.ਗੌਤਮ)-ਵਿਦਿਆਰਥਣਾਂ ਨੂੰ ਵਿਗਿਆਨ ਅਤੇ ਤਕਨਾਲੋਜੀ ਦੀ ਦੁਨੀਆ ਨਾਲ ਜੋੜਨ ਦੇ ਉਦੇਸ਼ ਨਾਲ ਸੰਤ ਨਾਮਦੇਵ ਕੰਨਿਆ ਮਹਾਂਵਿਦਿਆਲਾ ਬਸੀ ਪਠਾਣਾਂ ਵਲੋਂ ਅੱਜ ਸਾਇੰਸ ਸਿਟੀ ਕਪੂਰਥਲਾ ਲਈ ਇਕ ਰੋਜ਼ਾ ਵਿੱਦਿਅਕ ਦੌਰਾ ਕਰਵਾਇਆ ਗਿਆ | ਇਸ ਵਿਚ ਕਾਲਜ ਦੇ ਬੀ.ਏ., ਬੀ.ਕਾਮ. ਅਤੇ ਬੀ.ਸੀ.ਏ. ਵਿਭਾਗਾਂ ਦੀਆਂ ਵਿਦਿਆਰਥਣਾਂ ਨੇ ਵੱਧ-ਚੜ੍ਹ ਕੇ ਹਿੱਸਾ ਲਿਆ | ਟੂਰ ਦਾ ਮੁੱਖ ਮਕਸਦ ਵਿਦਿਆਰਥਣਾਂ ਨੂੰ ਕਿਤਾਬੀ ਗਿਆਨ ਤੋਂ ਪਰ੍ਹੇ ਵਿਗਿਆਨਕ ਖੋਜਾਂ ਅਤੇ ਨਵੀਨਤਮ ਤਕਨਾਲੋਜੀ ਬਾਰੇ ਵਿਸਥਾਰਪੂਰਵਕ ਤੇ ਪ੍ਰੈਕਟੀਕਲ ਜਾਣਕਾਰੀ ਮੁਹੱਈਆ ਕਰਵਾਉਣਾ ਸੀ | ਵਿਦਿਆਰਥਣਾਂ ਨੇ ਇੱਥੇ ਵੱਖ-ਵੱਖ ਪ੍ਰਦਰਸ਼ਨੀਆਂ ਦਾ ਨਿਰੀਖਣ ਕੀਤਾ ਅਤੇ ਨਵੀਂ ਜਾਣਕਾਰੀ ਹਾਸਲ ਕਰਨ ਦੇ ਨਾਲ-ਨਾਲ ਖ਼ੂਬ ਆਨੰਦ ਵੀ ਮਾਣਿਆ | ਕਾਲਜ ਦੀ ਪਿ੍ੰਸੀਪਲ ਸੰਗੀਤਾ ਵਧਵਾ ਨੇ ਕਿਹਾ ਕਿ ਇਹ ਦੌਰਾ ਕਾਲਜ ਵਿਦਿਆਰਥਣਾਂ ਦੇ ਸਮਾਜਿਕ ਅਤੇ ਮਾਨਸਿਕ ਵਿਕਾਸ ਨੂੰ ਪਹਿਲ ਦਿੰਦਾ ਹੈ | ਉਨ੍ਹਾਂ ਦੱਸਿਆ ਕਿ ਭਵਿੱਖ ਵਿਚ ਵੀ ਅਜਿਹੇ ਹੋਰ ਕਈ ਵਿੱਦਿਅਕ ਟੂਰ ਆਯੋਜਿਤ ਕੀਤੇ ਜਾਣਗੇ ਤਾਂ ਜੋ ਵਿਦਿਆਰਥਣਾਂ ਨੂੰ ਪੜ੍ਹਾਈ ਦੇ ਨਾਲ-ਨਾਲ ਕੁਦਰਤ, ਵਿਗਿਆਨ ਬਾਰੇ ਤਜਰਬੇ ਪ੍ਰਾਪਤ ਹੋ ਸਕਣ |