ਖਮਾਣੋਂ, 17 ਅਕਤੂਬਰ (ਜੋਗਿੰਦਰ ਪਾਲ)-ਡਾ. ਨਰੇਸ਼ ਚੌਹਾਨ ਸੀਨੀਅਰ ਕਾਂਗਰਸੀ ਆਗੂ ਹਲਕਾ ਬਸੀ ਪਠਾਣਾਂ ਤੇ ਸਾਬਕਾ ਐਸ.ਐਮ.ਓ. ਅਤੇ ਪੂਨਮ ਸਿੰਘ ਸਕੱਤਰ ਪੰਜਾਬ ਕਾਂਗਰਸ ਮਹਿਲਾ ਵਿੰਗ ਨੇ ਕਿਹਾ ਕਿ ਟਰੰਪ ਦਾ ਇਹ ਬਿਆਨ ਕਿ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਭਰੋਸਾ ਦਿੱਤਾ ਹੈ ਕਿ ਭਾਰਤ ਰੂਸ ਤੋਂ ਤੇਲ ਖਰੀਦਣਾ ਬੰਦ ਕਰ ਦੇਵੇਗਾ, ਇਹ ਦਰਸਾਉਂਦਾ ਹੈ ਕਿ ਕੇਂਦਰ ਦੀ ਭਾਜਪਾ ਸਰਕਾਰ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੇ ਹੱਥਾਂ ਵਿਚ ਖੇਡ ਰਹੀ ਹੈ | ਉਨ੍ਹਾਂ ਕਿਹਾ ਕਿ ਅਮਰੀਕੀ ਰਾਸ਼ਰਪਤੀ ਡੋਨਾਲਡ ਟਰੰਪ ਦਾ ਬਿਆਨ ਇਹ ਦਰਸਾਉਂਦਾ ਹੈ ਕਿ ਮੋਦੀ ਸਰਕਾਰ ਦੇ ਦੋ ਚਿਹਰੇ ਹਨ ਅਤੇ ਉਹ ਅਮਰੀਕਾ ਦੇ ਅੱਗੇ ਗੋਡੇ ਟੇਕ ਗਏ ਹਨ | ਉਕਤ ਆਗੂਆਂ ਨੇ ਕਿਹਾ ਕਿ ਭਾਰਤ ਰੂਸ ਤੋਂ ਬਹੁਤ ਹੀ ਸਸਤੇ ਭਾਅ ਤੇ ਤੇਲ ਲੈ ਰਿਹਾ ਹੈ ਜੋ ਕਿ ਭਾਰਤ ਲਈ ਫ਼ਾਇਦੇਮੰਦ ਹੈ ਅਤੇ ਰੂਸ ਨੇ ਹਮੇਸ਼ਾ ਹੀ ਆਜ਼ਾਦੀ ਤੋਂ ਬਾਅਦ ਭਾਰਤ ਦਾ ਲੋੜ ਪੈਣ ਤੇ ਅੱਗੇ ਵੱਧ ਕੇ ਸਾਥ ਦਿੱਤਾ ਹੈ | ਅਪਰੇਸ਼ਨ ਸਿੰਦੂਰ ਵਿਚ ਵੀ ਟਰੰਪ ਦਾ ਇਹ ਬਿਆਨ ਕਿ ਮੈਂ ਭਾਰਤ ਅਤੇ ਪਾਕਿਸਤਾਨ ਵਿਚ ਲੜਾਈ ਰੁਕਵਾਈ ਹੈ, ਇਹ ਦਰਸਾਉਂਦਾ ਹੈ ਕਿ ਭਾਜਪਾ ਦੀ ਵਿਦੇਸ਼ ਨੀਤੀ ਫ਼ੇਲ੍ਹ ਹੋ ਗਈ ਹੈ | ਉਨ੍ਹਾਂ ਕਿਹਾ ਕਿ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਵੀ ਕਿਹਾ ਹੈ ਕਿ ਮੋਦੀ ਸਰਕਾਰ ਇਕ ਕਮਜ਼ੋਰ ਸਰਕਾਰ ਹੈ ਜਿਸ ਨੇ ਭਾਰਤ ਦੀ ਵਿਦੇਸ਼ ਨੀਤੀ ਨੂੰ ਹੇਠਲੇ ਪੱਧਰ ਤੇ ਲਿਆ ਦਿੱਤਾ ਹੈ ਅਤੇ ਮੋਦੀ ਵਲੋਂ ਟਰੰਪ ਦੀ ਵਾਰ-ਵਾਰ ਪ੍ਰਸ਼ੰਸਾ ਕਰਨਾ ਭੀਖ ਮੰਗਣ ਦੇ ਸਮਾਨ ਹੈ | ਉਕਤ ਆਗੂਆਂ ਨੇ ਕਿਹਾ ਕਿ ਰੂਸ ਭਾਰਤ ਦਾ ਇਕ ਸੱਚਾ ਮਿੱਤਰ ਹੈ ਅਤੇ ਇਸ ਲਈ ਮੋਦੀ ਸਰਕਾਰ ਨੂੰ ਆਪਣੀ ਵਿਦੇਸ਼ ਨੀਤੀ ਦਾ ਚਿੰਤਨ ਕਰਨਾ ਚਾਹੀਦਾ ਹੈ ਤਾਂ ਜੋ ਭਵਿੱਖ ਵਿਚ ਭਾਰਤ ਦਾ ਨੁਕਸਾਨ ਨਾ ਹੋਵੇ ਅਤੇ ਭਾਰਤ ਆਰਥਿਕ ਪੱਧਰ ਉੱਤੇ ਮਜ਼ਬੂਤ ਹੋਵੇ |