ਰਾਜਪੁਰਾ, 17 ਅਕਤੂਬਰ (ਰਣਜੀਤ ਸਿੰਘ)-ਪੰਜਾਬ ਵਿਚ ਸੱਤਾਧਾਰੀ ਸਰਕਾਰ ਚੋਣਾਂ ਦੌਰਾਨ ਲੋਕਾਂ ਨਾਲ ਕੀਤੇ ਸਾਰੇ ਵਾਅਦੇ ਪੂਰੇ ਕਰਕੇ ਹੀ ਦਮ ਲਵੇਗੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਵਿਧਾਇਕ ਨੀਨਾ ਮਿੱਤਲ ਨੇ ਰੰਗਲਾ ਪੰਜਾਬ ਤਹਿਤ ਰੇਹੜੀ ਵਾਲਿਆਂ ਨੂੰ ਰੇਹੜੀ ਮਾਰਕੀਟ ਵਿਖੇ ਪੱਕੀ ਅਲਾਟਮੈਂਟ ਕਰਨ ਦੇ ਮੌਕੇ 'ਤੇ ਜੁੜੇ ਇਕੱਠ ਨੂੰ ਸੰਬੋਧਨ ਕਰਦਿਆਂ ਕੀਤਾ | ਉਨ੍ਹਾਂ ਨੇ ਕਿਹਾ ਕਿ ਰੇਹੜੀ ਵਾਲਿਆਂ ਨੂੰ ਦੀਵਾਲੀ ਦਾ ਤੋਹਫ਼ਾ ਦਿੱਤਾ ਗਿਆ ਹੈ | ਵਿਧਾਇਕ ਨੀਨਾ ਮਿੱਤਲ ਨੇ ਸਾਰੇ ਸ਼ਹਿਰ ਵਾਸੀਆਂ ਦੇ ਸਾਹਮਣੇ ਡਰਾਅ ਸਿਸਟਮ ਰਾਹੀ ਪਾਰਦਰਸ਼ਤਾ ਢੰਗ ਨਾਲ ਰੇਹੜੀ ਦੀ ਥਾਂ ਅਲਾਟ ਕੀਤੀ ਅਤੇ ਪਹਿਲੇ ਨੰਬਰ ਦਾ ਡਰਾਅ ਨਿਕਲਣ ਵਾਲੇ ਪਰਿਵਾਰ ਦੇ ਚਿਹਰੇ 'ਤੇ ਖੁਸ਼ੀ ਡਲ੍ਹਕਾਂ ਮਾਰਨ ਲੱਗ ਪਈ ਸੀ | ਨੀਨਾ ਮਿੱਤਲ ਨੇ ਦੱਸਿਆ ਕਿ ਰੇਹੜੀ ਵਾਲੇ ਬਾਜ਼ਾਰਾਂ ਜਾਂ ਸੜਕਾਂ ਦੇ ਕਿਨਾਰਿਆਂ 'ਤੇ ਧੁੱਪ ਮੀਂਹ, ਹਨੇਰੀ ਜਾਂ ਮੀਂਹ ਵਿਚ ਰੇਹੜੀਆਂ ਲਾ ਕੇ ਖੜ੍ਹਕੇ ਆਪਣੇ ਪਰਿਵਾਰ ਦਾ ਪੇਟ ਪਾਲ ਰਹੇ ਹਨ ਪਰ ਇਸ ਦੇ ਨਾਲ ਜਿੱਥੇ ਬਾਜ਼ਾਰਾਂ ਵਿਚ ਹਰ ਸਮੇਂ ਭੀੜ-ਭੜੱਕਾ ਬਣਿਆ ਰਹਿੰਦਾ ਹੈ ਉੱਥੇ ਹੀ ਸੜਕਾਂ ਦੇ ਕਿਨਾਰਿਆਂ ਦੇ ਖੜ੍ਹੀਆਂ ਰੇਹੜੀਆਂ ਕਾਰਨ ਕਈ ਵਾਰ ਹਾਦਸੇ ਵਾਪਰ ਜਾਂਦੇ ਸਨ | ਉਨ੍ਹਾਂ ਨੇ ਕਿਹਾ ਕਿ ਹੁਣ ਰੇਹੜੀ ਵਾਲੇ ਇੱਜ਼ਤ ਨਾਲ ਪੱਕੇ ਸ਼ੈੱਡ ਹੇਠ ਆਪਣੀ ਰੋਜੀ ਕਮਾਉਣਗੇ | ਉਨ੍ਹਾਂ ਨੇ ਕਿਹਾ ਕਿ ਹੁਣ ਸਰਕਾਰ ਵਲੋਂ ਰੇਹੜੀ ਵਾਲਿਆਂ ਨੂੰ ਪੱਕੀ ਥਾਂ ਅਲਾਟ ਕੀਤੀ ਗਈ ਹੈ | ਇਸ ਮੌਕੇ 'ਤੇ ਐੱਸ.ਐੱਚ.ਓ. ਕਿ੍ਪਾਲ ਸਿੰਘ ਮੋਹੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ |