ਖਮਾਣੋਂ, 22 ਅਕਤੂਬਰ (ਜੋਗਿੰਦਰ ਪਾਲ)-ਸੀਨੀਅਰ ਸਿਟੀਜ਼ਨ (ਸੇਵਾ ਮੁਕਤ) ਵੈੱਲਫੇਅਰ ਐਸੋਸੀਏਸ਼ਨ ਖਮਾਣੋਂ ਦੀ ਕਾਰਜਕਾਰਨੀ ਕਮੇਟੀ ਦੀ ਮੀਟਿੰਗ ਪ੍ਰਧਾਨ ਦਿਲਬਾਰਾ ਸਿੰਘ ਦੀ ਪ੍ਰਧਾਨਗੀ ਹੇਠ ਹੋਈ | ਜਾਣਕਾਰੀ ਦਿੰਦਿਆਂ ਪ੍ਰੈਸ ਸਕੱਤਰ ਜਸਵੰਤ ਸਿੰਘ ਚੜੀ ਨੇ ਦੱਸਿਆ ਕਿ ਮੈਂਬਰਾਂ ਨੇ ਸਰਕਾਰ ਵਲੋਂ 8 ਅਕਤੂੂਬਰ 2025 ਨੂੰ ਪੈਨਸ਼ਨਰਾਂ ਅਤੇ ਮੁਲਾਜ਼ਮਾਂ ਦੇ ਸਾਂਝੇ ਫ਼ਰੰਟ ਨਾਲ ਉਨ੍ਹਾਂ ਦੀਆਂ ਮੰਗਾਂ ਵਿਚਾਰਨ ਲਈ ਕੀਤੀ ਮੀਟਿੰਗ ਉਪਰੰਤ ਕੋਈ ਵੀ ਮੰਗ ਨਾ ਮੰਨੇ ਜਾਣ ਦੀ ਕਰੜੇ ਸ਼ਬਦਾਂ ਵਿਚ ਨਿਖੇਧੀ ਕੀਤੀ ਗਈ | ਵਿੱਤ ਮੰਤਰੀ ਨੇ ਵਿਚਾਰ ਵਟਾਂਦਰੇ ਦੌਰਾਨ ਨਾ ਤਾਂ ਮੰਗਾਂ ਪ੍ਰਤੀ ਸੰਜੀਦਗੀ ਵਿਖਾਈ ਅਤੇ ਨਾ ਹੀ ਕੋਈ ਦਿਲਚਸਪੀ ਸਗੋਂ ਟਾਲ ਮਟੋਲ ਦੀ ਨੀਤੀ ਹੀ ਅਪਣਾਈ ਗਈ | ਉਨ੍ਹਾਂ ਦੱਸਿਆ ਕਿ ਇੱਥੋਂ ਤੱਕ ਕਿ ਮਹਿੰਗਾਈ ਭੱਤੇ ਦੀਆਂ 16 ਪ੍ਰਤੀਸ਼ਤ ਦੀਆਂ ਪੰਜ ਕਿਸ਼ਤਾਂ ਵਿਚੋਂ ਕੋਈ ਵੀ ਕਿਸ਼ਤ ਜਾਰੀ ਕਰਨ ਦਾ ਹੁੰਗਾਰਾ ਨਹੀਂ ਭਰਿਆ | ਜਿਸ ਦੇ ਸਿੱਟੇ ਵਜੋਂ ਇਸ ਸਾਲ ਪੈਨਸ਼ਨਰਾਂ ਨੂੰ ਕਾਲੀ ਦੀਵਾਲੀ ਵੇਖਣੀ ਪਈ | ਸਰਕਾਰ ਦੀ ਅਜਿਹੀ ਨੀਤੀ ਅਤਿ ਨਿੰਦਣਯੋਗ ਹੈ | ਉਨ੍ਹਾਂ ਕਿਹਾ ਕਿ ਸਰਕਾਰ ਵਲੋਂ ਪੈਨਸ਼ਨਾਂ ਸੋਧਣ ਲਈ ਪੱਤਰ ਨੰ. 20-9-25 ਰਾਹੀਂ 2.59 ਦਾ ਗੁਣਾਂਕ ਸਾਰੇ ਪੈਨਸ਼ਨਰਾਂ ਤੇ ਲਾਗੂ ਕਰਨ ਤੋਂ ਇਨਕਾਰ ਕਿਸੇ ਵੀ ਤਰ੍ਹਾਂ ਜਾਇਜ਼ ਨਹੀਂ, ਇਸ ਲਈ ਸਰਕਾਰ ਨੂੰ ਇਸ ਕੇਸ ਨੂੰ ਮੁੜ ਤੋਂ ਵਿਚਾਰਨ ਉਪਰੰਤ ਰਹਿੰਦੇ ਪੈਨਸ਼ਨਰਾਂ ਦੇ ਕੇਸ ਵਿਚ 2.59 ਦੇ ਗੁਣਾਂਕ ਨੂੰ ਲਾਗੂ ਕੀਤਾ ਜਾਵੇ | ਮੈਂਬਰਾਂ ਵਲੋਂ ਜਨਵਰੀ 2016 ਤੋਂ 30 ਜੂਨ 2021 ਤੱਕ ਦੇ ਸਮੇਂ ਦੌਰਾਨ ਡਿਊ ਲੀਵ ਟਰੈਵਲ ਭੱਤਾ ਸੋਧੀ ਪੈਨਸ਼ਨ ਦੇ ਆਧਾਰ 'ਤੇ ਪ੍ਰਵਾਨ ਕਰਨ ਦਾ ਫ਼ੈਸਲਾ ਲੈ ਕੇ ਬਕਾਇਆ ਰਿਲੀਜ਼ ਕਰਨ ਦੀ ਸਰਕਾਰ ਨੂੰ ਅਪੀਲ ਕੀਤੀ ਗਈ | ਇਸ ਮੌਕੇ ਰਾਮ ਮੂਰਤੀ ਸ਼ਰਮਾ, ਅਜੈਬ ਸਿੰਘ ਭਾਂਬਰੀ, ਸੁਰਿੰਦਰ ਪਾਲ ਸਿੰਘ, ਨਛੱਤਰ ਸਿੰਘ, ਅਜਮੇਰ ਸਿੰਘ, ਤਾਰਾ ਸਿੰਘ ਖਮਾਣੋਂ, ਭੁਪਿੰਦਰ ਸਿੰਘ ਕੰਗ, ਕੁਲਦੀਪ ਸਿੰਘ ਭਾਮੀਆਂ, ਹਰਬੰਸ ਸਿੰਘ ਬਦੇਸ਼ਾ, ਕਰਤਾਰ ਸਿੰਘ ਜਟਾਣਾ, ਹਰਜਿੰਦਰ ਸਿੰਘ ਅਤੇ ਗਿਆਨੀ ਗੁਰਮੇਲ ਸਿੰਘ ਵੀ ਹਾਜ਼ਰ ਸਨ |