ਖਮਾਣੋਂ, 23 ਅਕਤੂਬਰ (ਮਨਮੋਹਣ ਸਿੰਘ ਕਲੇਰ)-ਸਿਵਲ ਸਰਜਨ ਫ਼ਤਹਿਗੜ੍ਹ ਸਾਹਿਬ ਅਰਵਿੰਦ ਪਾਲ ਸਿੰਘ ਦੇ ਦਿਸ਼ਾ ਨਿਰਦੇਸ਼ਾਂ ਅਨੁਸਾਰ ਡਾ. ਕਮਲਦੀਪ ਸਿੰਘ ਇੰਚਾਰਜ ਪੀ.ਐੱਚ.ਸੀ. ਸੰਘੋਲ ਦੀ ਅਗਵਾਈ ਵਿਚ ਡੇਂਗੂ ਵਿਰੋਧੀ ਜਾਗਰੂਕਤਾ ਮੁਹਿੰਮ ਦੌਰਾਨ ਸਿਹਤ ਵਿਭਾਗ ਦੇ ਕਰਮਚਾਰੀ ਬਲਵਿੰਦਰ ਸਿੰਘ, ਮਲਕੀਤ ਨੇ ਖਮਾਣੋਂ ਸ਼ਹਿਰ 'ਚ ਘਰ-ਘਰ ਜਾ ਕੇ ਲੋਕਾਂ ਨੂੰ ਡੇਂਗੂ ਬੁਖ਼ਾਰ ਤੋਂ ਬਚਾਅ ਸੰਬੰਧੀ ਵਿਸਥਾਰਪੂਰਵਕ ਜਾਣਕਾਰੀ ਦਿੱਤੀ | ਉਨ੍ਹਾਂ ਲੋਕਾਂ ਨੂੰ ਦੱਸਿਆ ਕਿ ਕਿ ਡੇਂਗੂ ਬੁਖ਼ਾਰ ਅਜਿਪਟੀ ਨਾਂਅ ਦੇ ਮੱਛਰ ਦੇ ਦਿਨ ਵੇਲੇ ਕੱਟਣ ਨਾਲ ਹੁੰਦਾ ਹੈ | ਜਿਸ ਨਾਲ ਤੇਜ਼ ਬੁਖ਼ਾਰ, ਸਿਰ ਦਰਦ, ਅੱਖਾਂ ਦੇ ਪਿੱਛੇ ਦਾ ਦਰਦ, ਮਾਸਪੇਸ਼ੀਆਂ 'ਚ ਦਰਦ, ਦਿਲ ਦਾ ਕੱਚਾ ਹੋਣਾ, ਉਲਟੀਆਂ ਦਾ ਆਉਣਾ, ਚਮੜੀ ਤੇ ਲਾਲ ਰੰਗ ਦੇ ਚਟਾਕ ਪੈਣਾ ਆਦਿ ਲੱਛਣ ਸਾਹਮਣੇ ਆਉਂਦੇ ਹਨ | ਇਸ ਲਈ ਆਪਣੇ ਘਰਾਂ ਦੇ ਆਲ਼ੇ ਦੁਆਲੇ ਸਫ਼ਾਈ ਰੱਖਣਾ, ਕੂਲਰਾਂ ਅਤੇ ਫ਼ਰਿੱਜਾਂ ਦੀਆਂ ਟਰੇਆਂ ਦੀ ਸਫ਼ਾਈ ਰੱਖਣੀ ਚਾਹੀਦੀ ਹੈ |