ਖਮਾਣੋਂ, 4 ਨਵੰਬਰ (ਮਨਮੋਹਣ ਸਿੰਘ ਕਲੇਰ)-ਇਤਿਹਾਸਕ ਗੁਰਦੁਆਰਾ ਸ੍ਰੀ ਗੋਬਿੰਦਗੜ੍ਹ ਸਾਹਿਬ ਰਾਣਵਾਂ ਵਿਖੇ ਪਹਿਲੀ ਪਾਤਸ਼ਾਹੀ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਸਬੰਧੀ ਕਰਵਾਏ ਜਾਣ ਵਾਲੇ ਸਮਾਗਮਾਂ ਦੌਰਾਨ ਕੀਤੇ ਪ੍ਰਬੰਧਾਂ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਸਾਬਕਾ ਜੂਨੀਅਰ ਮੀਤ ਪ੍ਰਧਾਨ ਤੇ ਮੈਂਬਰ ਜਥੇਦਾਰ ਅਵਤਾਰ ਸਿੰਘ ਰਿਆ ਨੇ ਗੁਰਦੁਆਰਾ ਸਟਾਫ਼ ਨਾਲ ਮੀਟਿੰਗ ਕਰਕੇ ਜਾਇਜ਼ਾ ਲਿਆ ਤੇ ਪ੍ਰਬੰਧਾਂ ਬਾਰੇ ਵਿਸਥਾਰ ਪੂਰਵਕ ਜਾਣਕਾਰੀ ਹਾਸਲ ਕੀਤੀ | ਇਸ ਸੰਬੰਧੀ ਗੁਰਦੁਆਰਾ ਮੈਨੇਜਰ ਸੁਖਦੇਵ ਸਿੰਘ ਕੋਟਾਂ ਨੇ ਦੱਸਿਆ ਕਿ ਗੁਰਪੁਰਬ ਦੇ ਸੰਬੰਧ 'ਚ ਬੁੱਧਵਾਰ ਸਵੇਰੇ 9 ਵਜੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਜਾਣਗੇ | ਇਸ ਉਪਰੰਤ ਕਥਾ ਕੀਰਤਨ ਤੋਂ ਇਲਾਵਾ ਢਾਡੀ ਜਥਿਆਂ ਵਲੋਂ ਗੁਰੂ ਜਸ ਨਾਲ ਸੰਗਤਾਂ ਨੂੰ ਜੋੜਿਆ ਜਾਵੇਗਾ | ਉਪਰੰਤ ਗੁਰੂ ਕੇ ਲੰਗਰ ਅਤੇ ਜਲੇਬੀਆਂ ਦਾ ਲੰਗਰ ਅਤੁੱਟ ਵਰਤਾਇਆ ਜਾਵੇਗਾ | ਇਸ ਮੌਕੇ ਦਲਵੀਰ ਸਿੰਘ ਗ੍ਰੰਥੀ, ਸੁਖਵਿੰਦਰ ਸਿੰਘ ਸਟੋਰ ਕੀਪਰ, ਵਰਿੰਦਰ ਸਿੰਘ, ਮਨਪ੍ਰੀਤ ਸਿੰਘ, ਸਵਰਨ ਸਿੰਘ, ਸੁਖਵਿੰਦਰ ਸਿੰਘ ਗੋਸਲਾਂ, ਜਗਤਾਰ ਸਿੰਘ ਰੱਬੋਂ, ਬਲਵੀਰ ਸਿੰਘ ਬਾਠਾਂ, ਅਮਰੀਕ ਸਿੰਘ ਮਨੈਲਾਂ ਸਾਬਕਾ ਮੈਨੇਜਰ ਆਦਿ ਹਾਜ਼ਰ ਸਨ |