05-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 05-11-2025

ਪੁਲਿਸ ਪ੍ਰਸ਼ਾਸਨ ਨੇ ਨਸ਼ਾ ਤਸਕਰ ਵਲੋਂ ਬਣਾਈ ਨਾਜਾਇਜ਼ ਉਸਾਰੀ ਨੂੰ ਬੁਲਡੋਜ਼ਰ ਨਾਲ ਢਾਹਿਆ

ਅਜੀਤ ਡੈਸਕ 05-11-2025
ਫ਼ਤਹਿਗੜ੍ਹ ਸਾਹਿਬ, ਬਸੀ ਪਠਾਣਾਂ 4 ਨਵੰਬਰ (ਮਨਪ੍ਰੀਤ ਸਿੰਘ, ਐੱਚ. ਐੱਸ. ਗੌਤਮ)-ਮੁੱਖ ਮੰਤਰੀ ਭਗਵੰਤ ਮਾਨ ਦੀਆਂ ਸਖ਼ਤ ਹਦਾਇਤਾਂ 'ਤੇ ਨਸ਼ਾ ਤਸਕਰਾਂ ਖ਼ਿਲਾਫ਼ ਸੂਬੇ ਵਿਚ ਵਿੱਢੀ ਯੁੱਧ ਨਸ਼ਿਆਂ ਵਿਰੁੱਧ ਮੁਹਿੰਮ ਤਹਿਤ ਅੱਜ ਜ਼ਿਲ੍ਹਾ ਪੁਲਿਸ ਤੇ ਸਿਵਲ ਪ੍ਰਸ਼ਾਸਨ ਨੇ ਸਾਂਝੀ ਕਾਰਵਾਈ ਕਰਦਿਆਂ ਬਸੀ ਪਠਾਣਾਂ ਦੇ ਪਿੰਡ ਕੋਟਲਾ ਫ਼ਾਜ਼ਲ ਵਿਖੇ ਨਸ਼ਾ ਤਸਕਰ ਦੁਆਰਾ ਬਣਾਈ ਗਈ ਨਜਾਇਜ਼ ਉਸਾਰੀ ਨੂੰ ਬੁਲਡੋਜ਼ਰ ਨਾਲ ਢਾਹੁਣ ਦੀ ਕਾਰਵਾਈ ਅਮਲ ਵਿਚ ਲਿਆਂਦੀ |
ਇਸ ਮੁਹਿੰਮ ਦੀ ਅਗਵਾਈ ਐਸ.ਐਸ.ਪੀ. ਸ਼ੁਭਮ ਅਗਰਵਾਲ ਨੇ ਕੀਤੀ ਜਦਕਿ ਇਸ ਦੌਰਾਨ ਐੱਸ. ਪੀ. (ਡੀ) ਰਾਕੇਸ਼ ਕੁਮਾਰ ਯਾਦਵ, ਡੀ.ਐਸ.ਪੀ. ਰਾਜ ਕੁਮਾਰ ਸ਼ਰਮਾ, ਥਾਣਾ ਮੁਖੀ ਜਤਿੰਦਰਪਾਲ ਸਿੰਘ, ਪੰਚਾਇਤ ਅਫ਼ਸਰ, ਸਰਪੰਚ ਪਰਮਜੀਤ ਸਿੰਘ ਤੇ ਪੰਚ ਵੀ ਮੌਜੂਦ ਸਨ | ਇਸ ਮੌਕੇ ਜ਼ਿਲ੍ਹਾ ਪੁਲਿਸ ਮੁੱਖੀ . ਸ਼ੁਭਮ ਅਗਰਵਾਲ ਨੇ ਕਿਹਾ ਕਿ ਡੀ. ਜੀ. ਪੀ. ਪੰਜਾਬ ਗੌਰਵ ਯਾਦਵ ਦੇ ਦਿਸ਼ਾ ਨਿਰਦੇਸ਼ਾਂ ਹੇਠ ਨਸ਼ਾ ਤਸਕਰਾਂ ਦਾ ਮੁਕੰਮਲ ਸਫ਼ਾਇਆ ਕਰਨ ਲਈ ਜ਼ਿਲ੍ਹਾ ਫ਼ਤਹਿਗੜ੍ਹ ਸਾਹਿਬ ਦੀ ਪੁਲਿਸ ਪੂਰੀ ਤਰ੍ਹਾਂ ਮੁਸਤੈਦ ਹੈ | ਉਨ੍ਹਾਂ ਕਿਹਾ ਕਿ ਜਿੱਥੇ ਨਸ਼ਿਆਂ ਦਾ ਕਾਲਾ ਕਾਰੋਬਾਰ ਕਰਨ ਵਾਲਿਆਂ ਨੂੰ ਗਿ੍ਫ਼ਤਾਰ ਕਰਕੇ ਸਲਾਖ਼ਾਂ ਪਿੱਛੇ ਪਹੁੰਚਾਇਆ ਜਾ ਰਿਹਾ ਹੈ, ਉੱਥੇ ਹੀ ਮਾੜੀ ਸੰਗਤ ਦਾ ਸ਼ਿਕਾਰ ਹੋ ਕੇ ਨਸ਼ਿਆਂ ਦੀ ਦਲਦਲ ਵਿਚ ਫਸੇ ਨਸ਼ਾ ਪੀੜਤਾਂ ਨੂੰ ਸਿਹਤਯਾਬ ਕਰਨ ਲਈ ਨਸ਼ਾ ਮੁਕਤੀ ਕੇਂਦਰਾਂ ਵਿਚ ਦਾਖਲ ਕਰਵਾਇਆ ਜਾ ਰਿਹਾ ਹੈ | ਉਨ੍ਹਾਂ ਦੱਸਿਆ ਕਿ ਹੁਣ ਤੱਕ ਜ਼ਿਲੇ੍ਹ ਵਿਚ ਲਗਪਗ 10 ਥਾਵਾਂ 'ਤੇ ਅਜਿਹੀਆਂ ਨਜਾਇਜ਼ ਉਸਾਰੀਆਂ ਨੂੰ ਢਾਹਿਆ ਜਾ ਚੁੱਕਾ ਹੈ, ਜਿਹੜੀਆਂ ਨਸ਼ਾ ਤਸਕਰਾਂ ਵਲੋਂ ਨਸ਼ਿਆਂ ਦੇ ਕਾਲੇ ਕਾਰੋਬਾਰ ਨਾਲ ਤਿਆਰ ਕੀਤੀਆਂ ਗਈਆਂ ਸਨ | ਉਨ੍ਹਾਂ ਲੋਕਾਂ ਨੂੰ ਅਪੀਲ ਕਰਦਿਆਂ ਕਿਹਾ ਕਿ ਉਹ ਪੁਲਿਸ ਨੂੰ ਸੇਫ਼ ਪੰਜਾਬ ਜਾਂ ਹੈਲਪ ਲਾਈਨ ਨੰ. 112 'ਤੇ ਨਸ਼ਾ ਤਸਕਰਾਂ ਬਾਰੇ ਗੁਪਤ ਸੂਚਨਾ ਦੇਣ ਤਾਂ ਜੋ ਕੋਈ ਵੀ ਮਾੜਾ ਅਨਸਰ ਕਾਨੂੰਨੀ ਸ਼ਿਕੰਜੇ ਤੋਂ ਬਚ ਨਾ ਸਕੇ | ਸੂਚਨਾ ਦੇਣ ਵਾਲੇ ਦਾ ਨਾਮ ਤੇ ਪਤਾ ਪੂਰੀ ਤਰ੍ਹਾਂ ਗੁਪਤ ਰੱਖਣ ਲਈ ਪੁਲਿਸ ਪ੍ਰਸ਼ਾਸਨ ਪੂਰੀ ਤਰ੍ਹਾਂ ਵਚਨਬੱਧ ਹੈ | ਸ੍ਰੀ ਅਗਰਵਾਲ ਨੇ ਦੱਸਿਆ ਕਿ ਪਿੰਡ ਕੋਟਲਾ ਫ਼ਾਜ਼ਲ ਦੇ ਵਸਨੀਕ ਸੋਮਨਾਥ ਖ਼ਿਲਾਫ਼ ਨਸ਼ਾ ਤਸਕਰੀ ਦੇ ਵੱਖ-ਵੱਖ 6 ਕੇਸ ਦਰਜ ਹਨ ਅਤੇ ਪਿਛਲੇ ਲੰਬੇ ਸਮੇਂ ਤੋਂ ਨਸ਼ਿਆਂ ਦਾ ਕਾਰੋਬਾਰ ਕਰਦਾ ਆ ਰਿਹਾ ਹੈ | ਉਨ੍ਹਾਂ ਦੱਸਿਆ ਕਿ ਗ੍ਰਾਮ ਪੰਚਾਇਤ ਦੇ ਸਹਿਯੋਗ ਨਾਲ ਅੱਜ ਦੀ ਕਾਰਵਾਈ ਅਮਲ ਵਿਚ ਲਿਆਂਦੀ ਗਈ ਹੈ ਅਤੇ ਭਵਿੱਖ ਵਿਚ ਵੀ ਜ਼ਿਲ੍ਹਾ ਪੁਲਿਸ ਨਸ਼ਾ ਤਸਕਰਾਂ ਖ਼ਿਲਾਫ਼ ਸਖ਼ਤ ਤੋਂ ਸਖ਼ਤ ਕਾਰਵਾਈ ਕਰਨ ਲਈ ਪੂਰੀ ਤਰ੍ਹਾਂ ਵਚਨਬੱਧ ਹੈ |
ਪਿਛਲੀ ਖ਼ਬਰ ਥਾਣਾ ਸਦਰ ਬਲਾਚੌਰ ਦੇ ਮੁਖੀ ਬਿਕਰਮ ਸਿੰਘ ਰੌੜੀ ਵਲੋਂ ਲਗਾਈ ਗਈ ਲੋਕ ਅਦਾਲਤ <br/> ਅਗਲੀ ਖ਼ਬਰ ਕੈਮਿਸਟ ਸਰਕਾਰ ਦੁਆਰਾ ਜਾਰੀ ਕੀਤੀਆਂ ਹਦਾਇਤਾਂ ਦੀ ਇੰਨ-ਬਿੰਨ ਪਾਲਣਾ ਕਰਨ-ਡਰੱਗ ਇੰਸਪੈਕਟਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।