08-10-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 23-12-2025

ਵਰਲਡ ਯੂਨੀਵਰਸਿਟੀ ਵਲੋਂ ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਦੀ ਯਾਦ 'ਚ ਸੈਮੀਨਾਰ ਰਾਹੀਂ ਸਮਾਰੋਹਾਂ ਦੀ ਸ਼ੁਰੂਆਤ

ਅਜੀਤ ਡੈਸਕ 23-12-2025
ਫ਼ਤਹਿਗੜ੍ਹ ਸਾਹਿਬ, 22 ਦਸੰਬਰ (ਬਲਜਿੰਦਰ ਸਿੰਘ)-ਸ੍ਰੀ ਗੁਰੂ ਗ੍ਰੰਥ ਸਾਹਿਬ ਵਰਲਡ ਯੂਨੀਵਰਸਿਟੀ ਵਲੋਂ 'ਗੁਰੂ ਗੋਬਿੰਦ ਸਿੰਘ ਜੀ, ਜੀਵਨ ਅਤੇ ਬਾਣੀ' ਵਿਸ਼ੇ 'ਤੇ ਇਕ ਵਿਸ਼ੇਸ਼ ਅਕਾਦਮਿਕ ਸੈਮੀਨਾਰ ਕਰਵਾਇਆ ਗਿਆ, ਜਿਸ ਨਾਲ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰੀ ਜੀ ਦੀ ਸ਼ਹਾਦਤ ਦੀ ਯਾਦ ਵਿਚ ਕਰਵਾਏ ਜਾਣ ਵਾਲੇ ਸਮਾਰੋਹਾਂ ਦੀ ਲੜੀ ਦੀ ਸ਼ੁਰੂਆਤ ਹੋਈ | ਸੈਮੀਨਾਰ ਦੀ ਸ਼ੁਰੂਆਤ ਗੁਰਬਾਣੀ ਸ਼ਬਦ ਕੀਰਤਨ ਨਾਲ ਹੋਈ, ਜਿਸ ਨਾਲ ਪੂਰੇ ਵਾਤਾਵਰਨ ਵਿਚ ਆਤਮਿਕ ਊਰਜਾ ਤੇ ਸ਼ਰਧਾ ਦਾ ਸੰਚਾਰ ਹੋਇਆ | ਉਪਰੰਤ ਡਾ. ਸਿਕੰਦਰ ਸਿੰਘ ਡੀਨ ਭਲਾਈ ਵਿਦਿਆਰਥੀ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਅਤੇ ਉਪਦੇਸ਼ ਨੌਜਵਾਨ ਪੀੜ੍ਹੀ ਲਈ ਸਾਹਸ, ਨੈਤਿਕ ਬਲ ਤੇ ਸਮਾਜਿਕ ਜ਼ਿੰਮੇਵਾਰੀ ਦੀ ਪੇ੍ਰਰਨਾ ਦਾ ਸਰੋਤ ਹਨ | ਉਨ੍ਹਾਂ ਅਜਿਹੇ ਅਕਾਦਮਿਕ ਸੈਮੀਨਾਰਾਂ ਦੀ ਮਹੱਤਤਾ 'ਤੇ ਵੀ ਰੌਸ਼ਨੀ ਪਾਈ | ਉਪ ਕੁਲਪਤੀ ਡਾ. ਪਿ੍ਤਪਾਲ ਸਿੰਘ ਨੇ ਕਿਹਾ ਕਿ ਗੁਰੂ ਗੋਬਿੰਦ ਸਿੰਘ ਜੀ ਦਾ ਜੀਵਨ ਸੱਚ, ਨਿਆਂ, ਤਿਆਗ ਤੇ ਸਰਵੋਤਮ ਮਨੁੱਖੀ ਕਦਰਾਂ ਕੀਮਤਾਂ ਦਾ ਅਮਰ ਪ੍ਰਤੀਕ ਹੈ | ਡਾ. ਸੁਖਵਿੰਦਰ ਸਿੰਘ ਬਿਲਿੰਗ ਡੀਨ ਅਕਾਦਮਿਕ ਮਾਮਲੇ ਨੇ ਵਿਸ਼ੇਸ਼ ਮਹਿਮਾਨ ਵਜੋਂ ਸੰਬੋਧਨ ਕਰਦਿਆਂ ਅਕਾਦਮਿਕ ਖੋਜ ਤੇ ਸਿੱਖ ਅਧਿਐਨ ਦੀ ਮਹੱਤਤਾ 'ਤੇ ਜ਼ੋਰ ਦਿੱਤਾ | ਉਨ੍ਹਾਂ ਕਿਹਾ ਕਿ ਯੂਨੀਵਰਸਿਟੀਆਂ ਦੀ ਜ਼ਿੰਮੇਵਾਰੀ ਹੈ ਕਿ ਉਹ ਸਿੱਖ ਇਤਿਹਾਸ ਦੀ ਬੌਧਿਕ ਤੇ ਆਤਮਿਕ ਵਿਰਾਸਤ ਨੂੰ ਗੰਭੀਰ ਅਧਿਐਨ ਰਾਹੀਂ ਸੰਭਾਲਣ ਤੇ ਫੈਲਾਉਣ | ਸੈਮੀਨਾਰ ਚ ਮੁੱਖ ਭਾਸ਼ਣ ਪ੍ਰਸਿੱਧ ਸਿੱਖ ਵਿਦਵਾਨ ਸੰਤ ਕੰਵਲਜੀਤ ਸਿੰਘ ਨਿਰਮਲ ਆਸ਼ਰਮ, ਸੁਖਾਨੰਦ, ਮੋਗਾ ਵਲੋਂ ਦਿੱਤਾ ਗਿਆ | ਉਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ, ਬਾਣੀ ਅਤੇ ਦਰਸ਼ਨ ਬਾਰੇ ਵਿਸਥਾਰਤ ਅਤੇ ਗੰਭੀਰ ਵਿਚਾਰ ਪ੍ਰਗਟ ਕੀਤੇ | ਉਨ੍ਹਾਂ ਗੁਰੂ ਸਾਹਿਬ ਦੀ ਸਮਾਜਿਕ ਨਿਆਂ ਪ੍ਰਤੀ ਵਚਨਬੱਧਤਾ, ਧਰਮ ਦੀ ਰੱਖਿਆ ਤੇ ਮਨੁੱਖੀ ਆਜ਼ਾਦੀ ਲਈ ਦਿੱਤੀਆਂ ਮਹਾਨ ਕੁਰਬਾਨੀਆਂ 'ਤੇ ਵਿਸ਼ੇਸ਼ ਰੌਸ਼ਨੀ ਪਾਈ | ਇਸ ਮੌਕੇ ਪ੍ਰੋ. ਹਰਭਜਨ ਸਿੰਘ ਸਾਬਕਾ ਪ੍ਰੋਫੈਸਰ ਡਾ. ਬਲਵੀਰ ਸਿੰਘ ਸਾਹਿਤ ਕੇਂਦਰ ਦੇਹਰਾਦੂਨ ਤੇ ਪ੍ਰੋ. ਜਸਪਾਲ ਕੌਰ ਧੰਜੂ ਸਾਬਕਾ ਪ੍ਰੋਫ਼ੈਸਰ ਪੰਜਾਬੀ ਯੂਨੀਵਰਸਿਟੀ ਪਟਿਆਲਾ ਨੇ ਵੀ ਵਿਚਾਰ ਸਾਂਝੇ ਕਰਦਿਆਂ ਗੁਰੂ ਗੋਬਿੰਦ ਸਿੰਘ ਜੀ ਦੇ ਜੀਵਨ ਤੇ ਉਪਦੇਸ਼ਾਂ ਦੇ ਸਾਹਿਤਕ ਅਤੇ ਇਤਿਹਾਸਕ ਪੱਖਾਂ 'ਤੇ ਪ੍ਰਕਾਸ਼ ਪਾਇਆ | ਸੈਮੀਨਾਰ ਦਾ ਸੰਚਾਲਨ ਡਾ. ਨਵ ਸ਼ਗਨ ਦੀਪ ਕੌਰ ਵਲੋਂ ਕੀਤਾ ਗਿਆ ਜਦਕਿ ਏਕਰੂਪ ਕੌਰ ਨੇ ਸਟੇਜ ਕੋਆਰਡੀਨੇਟਰ ਵਜੋਂ ਆਪਣੀਆਂ ਜ਼ਿੰਮੇਵਾਰੀਆਂ ਨਿਭਾਈਆਂ | ਸੈਮੀਨਾਰ ਵਿਚ ਯੂਨੀਵਰਸਿਟੀ ਦੇ ਅਧਿਆਪਕਾਂ, ਖੋਜ ਵਿਦਿਆਰਥੀਆਂ ਤੇ ਵਿਦਿਆਰਥੀਆਂ ਨੇ ਭਾਗ ਲਿਆ |
ਪਿਛਲੀ ਖ਼ਬਰ ਮਨਦੀਪ ਕੌਰ ਨਾਗਰਾ ਨੇ ਵਰਿੰਦਰ ਸਿੰਘ ਦਾ ਕੀਤਾ ਸਨਮਾਨ ਅਗਲੀ ਖ਼ਬਰ ਲੋਕਾਂ ਨੇ ਸੰਮਤੀਆਂ ਦੇ ਉਮੀਦਵਾਰਾਂ ਨੂੰ ਚੁਣ ਕੇ ਵਿਕਾਸ ਕਾਰਜਾਂ 'ਤੇ ਮੋਹਰ ਲਗਾਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।