28-11-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-06-2025

ਜੱਚਾ-ਬੱਚਾ ਦੀ ਮੌਤ ਦਰ ਨੂੰ ਘਟਾਉਣ ਲਈ ਸਿਹਤ ਵਿਭਾਗ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ-ਡੀ. ਸੀ.

ਅਜੀਤ ਡੈਸਕ 16-06-2025

ਗੁਰਦਾਸਪੁਰ, 15 ਜੂਨ (ਗੁਰਪ੍ਰਤਾਪ ਸਿੰਘ)-ਸਿਹਤ ਮੰਤਰੀ ਪੰਜਾਬ ਦੇ ਨਿਰਦੇਸ਼ਾਂ ਅਤੇ ਡਾਇਰੈਕਟਰ ਸਿਹਤ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਗਰਭਵਤੀ ਮਾਵਾਂ ਦੀ ਦੇਖਭਾਲ ਤੇ ਪਰਿਵਾਰ ਨਿਯੋਜਨ ਵਿਸ਼ੇ 'ਤੇ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰਾਂ ਦੀ ਇਕ ਰੋਜ਼ਾ ਟ੍ਰੇਨਿੰਗ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਦੀ ਅਗਵਾਈ ਹੇਠ ਕਰਵਾਈ ਗਈ। ਇਸ ਟ੍ਰੇਨਿੰਗ ਵਿਚ ਗਰਭਵਤੀ ਮਾਵਾਂ ਦੀ ਦੇਖਭਾਲ ਅਤੇ ਪਰਿਵਾਰ ਨਿਯੋਜਨ ਨਾਲ ਜੁੜੇ ਪ੍ਰੋਗਰਾਮਾਂ ਬਾਰੇ ਦੱਸਿਆ ਗਿਆ। ਇਸ ਮੌਕੇ ਡਿਪਟੀ ਕਮਿਸ਼ਨਰ ਦਲਵਿੰਦਰਜੀਤ ਸਿੰਘ ਨੇ ਕਿਹਾ ਕਿ ਮਾਵਾਂ ਦੀ ਮੌਤ ਦਰ ਨੂੰ ਘਟਾਉਣ ਲਈ ਸਿਹਤ ਵਿਭਾਗ ਵਲੋਂ ਵਿਸ਼ੇਸ਼ ਉਪਰਾਲੇ ਕੀਤੇ ਜਾ ਰਹੇ ਹਨ ਅਤੇ ਸੰਸਥਾਗਤ ਜਣੇਪੇ ਨੂੰ ਵਧਾਇਆ ਜਾ ਰਿਹਾ ਹੈ। ਸਮੂਹ ਸਿਹਤ ਸੰਸਥਾਵਾਂ ਜਿੱਥੇ ਜਣੇਪਾ ਹੁੰਦਾ ਹੈ, ਉੱਥੇ ਕੁਸ਼ਲ ਸਟਾਫ਼ ਦੇ ਨਾਲ ਵਧੀਆ ਸਮਾਨ ਅਤੇ ਦਵਾਈਆਂ ਉਪਲਬਧ ਕਰਵਾਈਆਂ ਗਈਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਿਹਤ ਸੰਸਥਾਵਾਂ ਵਿਚ ਜਣੇਪਾ ਮੁਫ਼ਤ ਹੁੰਦਾ ਹੈ। ਉਨ੍ਹਾਂ ਕਿਹਾ ਕਿ ਘਰ ਵਿਚ ਜਣੇਪਾ ਗਰਭਵਤੀ ਮਾਂ ਅਤੇ ਨਵਜੰਮੇ ਬੱਚੇ ਦੀ ਮੌਤ ਦਾ ਕਾਰਨ ਬਣ ਸਕਦਾ ਹੈ, ਇਸ ਲਈ ਅਜਿਹਾ ਨਹੀਂ ਕਰਨਾ ਚਾਹੀਦਾ। ਟਰੇਨਿੰਗ ਦੌਰਾਨ ਸਮੂਹ ਆਮ ਆਦਮੀ ਕਲੀਨਿਕਾਂ ਦੇ ਮੈਡੀਕਲ ਅਫ਼ਸਰਾਂ ਨੂੰ ਗਰਭਵਤੀ ਮਾਵਾਂ ਦੀ ਦੇਖਭਾਲ ਬਾਰੇ ਦੱਸਿਆ ਗਿਆ। ਇਨ੍ਹਾਂ ਡਾਕਟਰਾਂ ਨੂੰ ਸਲਾਹ ਦਿੱਤੀ ਗਈ ਕਿ ਗਰਭਵਤੀ ਮਾਵਾਂ ਨੂੰ ਆ ਰਹੀ ਮੁਸ਼ਕਿਲ 'ਤੇ ਤੁਰੰਤ ਟੈਲੀ ਮੈਡੀਸਨ ਰਾਹੀਂ ਜਨਾਨਾ ਰੋਗਾਂ ਦੇ ਮਾਹਿਰ ਤੋਂ ਰਾਏ ਲਈ ਜਾਵੇ। ਜ਼ਿਲ੍ਹਾ ਪਰਿਵਾਰ ਭਲਾਈ ਅਫ਼ਸਰ ਡਾ: ਤੇਜਿੰਦਰ ਕੌਰ ਨੇ ਕਿਹਾ ਕਿ ਸਮੂਹ ਨਿੱਜੀ ਹਸਪਤਾਲ ਵੀ ਇਸ ਗੱਲ ਨੂੰ ਯਕੀਨੀ ਬਣਾਉਣ ਕਿ ਹਰੇਕ ਗਰਭਵਤੀ ਸਬੰਧਿਤ ਆਸ਼ਾ ਵਰਕਰ ਦੇ ਜਰੀਏ ਸਰਕਾਰੀ ਪੋਰਟਲ 'ਤੇ ਆਪਣੀ ਰਜਿਸਟ੍ਰੇਸ਼ਨ ਜ਼ਰੂਰ ਕਰਵਾਉਣ। ਉਨ੍ਹਾਂ ਕਿਹਾ ਕਿ ਨਿੱਜੀ ਹਸਪਤਾਲ ਵੀ ਗਰਭਵਤੀ ਮਾਵਾਂ ਸਬੰਧੀ ਸੂਚਨਾ ਵਿਭਾਗ ਨਾਲ ਸਾਂਝਾ ਕਰਨ ਅਤੇ ਗਰਭਵਤੀ ਮਾਵਾਂ ਦਾ ਟੀਕਾਕਰਨ ਸਮੇਂ ਸਿਰ ਕਰਵਾਇਆ ਜਾਵੇ। ਉਨ੍ਹਾਂ ਕਿਹਾ ਕਿ ਪਰਿਵਾਰ ਨਿਯੋਜਨ ਸਮੇਂ ਦੀ ਮੰਗ ਹੈ, ਬਹੁਤ ਛੋਟੀ ਉਮਰ ਅਤੇ ਵੱਡੀ ਉਮਰ ਵਿਚ ਮਾਂ ਬਣਨਾ ਖ਼ਤਰੇ ਦਾ ਕਾਰਨ ਬਣਦੇ ਹਨ। ਸਹਾਇਕ ਸਿਵਲ ਸਰਜਨ ਡਾ: ਲਲਿਤ ਮੋਹਨ ਨੇ ਦੱਸਿਆ ਕਿ ਸਿਹਤ ਵਿਭਾਗ ਵਲੋਂ ਜੇ. ਐਸ. ਐਸ. ਕੇ ਅਧੀਨ ਮੁਫ਼ਤ ਜਣੇਪੇ ਅਤੇ ਬੱਚੇ ਦੇ ਇਲਾਜ ਦੀ ਸੁਵਿਧਾ ਹੈ, ਮਾਵਾਂ ਲਈ ਮੁਫ਼ਤ ਅਲਟਰਾ ਸਾਉਂਡ ਅਤੇ ਲੈਬ ਟੈੱਸਟ ਦੀ ਸੁਵਿਧਾ ਸਾਰੇ ਸਰਕਾਰੀ ਹਸਪਤਾਲਾਂ ਵਿਚ ਉਪਲਬਧ ਹੈ। ਇਸ ਮੌਕੇ ਡਾ: ਅੰਕੁਰ ਕੌਸ਼ਲ, ਡਾ: ਪ੍ਰੀਤੀ ਅੱਤਰੀ ਅਤੇ ਬੀ.ਈ.ਈ ਹਰਪ੍ਰੀਤ ਸਿੰਘ ਆਦਿ ਹਾਜ਼ਰ ਸਨ।

ਪਿਛਲੀ ਖ਼ਬਰ ਸ਼ਾਮ ਵੇਲੇ ਹੋਈ ਬੂੰਦਾਬਾਂਦੀ ਤੇ ਚੱਲੀਆਂ ਠੰਢੀਆਂ ਹਵਾਵਾਂ ਨਾਲ ਲੋਕਾਂ ਨੂੰ ਅਤਿ ਦੀ ਗਰਮੀ ਤੋਂ ਮਿਲੀ ਰਾਹਤ-ਬਾਜ਼ਾਰਾਂ 'ਚ... ਅਗਲੀ ਖ਼ਬਰ ਐਡਵੋਕੇਟ ਅਮਨਦੀਪ ਜੈਂਤੀਪੁਰ ਦੀ ਅਗਵਾਈ 'ਚ ਬਟਾਲਾ ਹਲਕੇ 'ਚ ਕਾਂਗਰਸ ਦੀ ਭਰਵੀਂ ਰੈਲੀ ਹੋਈ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।