ਗੁਰਦਾਸਪੁਰ, 15 ਜੂਨ (ਚੱਕਰਾਜਾ)-ਭਾਰਤ ਪਾਕਿ ਸਰਹੱਦ ਦੇ ਬਿਲਕੁਲ ਉੱਪਰ ਵੱਸਦੇ ਅੱਧੀ ਦਰਜਨ ਤੋਂ ਵੱਧ ਦੇ ਕਰੀਬ ਪਿੰਡਾਂ ਅੰਦਰ ਕੋਈ ਵੀ ਸੈਕੰਡਰੀ ਪੱਧਰ ਦਾ ਸਕੂਲ ਨਾ ਹੋਣ ਕਾਰਨ ਇਨ੍ਹਾਂ ਪਿੰਡਾਂ ਦੇ ਬੱਚਿਆਂ ਨੂੰ ਪ੍ਰਾਇਮਰੀ ਤੋਂ ਬਾਅਦ ਉਚੇਰੀ ਸਿੱਖਿਆ ਲਈ ਇੱਥੋਂ ਕਈ ਕਿੱਲੋਮੀਟਰ ਦੂਰ ਸਕੂਲਾਂ ਵਿਚ ਜਾਣਾ ਪੈ ਰਿਹਾ ਹੈ। ਇਸ ਖੇਤਰ ਦੇ ਪਿੰਡ ਚੌਂਤਰਾ, ਸਲਾਚ, ਸ਼ਮਸ਼ੇਰਪੁਰ, ਵਜੀਰਪੁਰ, ਚੱਕਰੀ, ਮਲੂਕਚੱਕ ਅਤੇ ਕਈ ਹੋਰ ਪਿੰਡ ਨੂੰ ਲੱਗਦਾ ਸਰਕਾਰੀ ਮਿਡਲ ਸਕੂਲ ਇਸਲਾਮਪੁਰ ਜਿਸ ਨੂੰ ਅਪਗ੍ਰੇਡ ਕਰਕੇ ਹਾਇਰ ਜਾਂ ਸੈਕੰਡਰੀ ਸਕੂਲ ਬਣਾਉਣ ਦੀ ਲੋਕਾਂ ਵਲੋਂ ਪਿਛਲੇ ਲੰਮੇ ਸਮੇਂ ਤੋਂ ਮੰਗ ਕੀਤੀ ਜਾ ਰਹੀ ਹੈ। ਇਸ ਸਬੰਧੀ ਇਲਾਕੇ ਦੀਆਂ ਪੰਚਾਇਤਾਂ ਵਲੋਂ ਸਾਂਝੇ ਤੌਰ 'ਤੇ ਆਪਣੇ ਦਸਤਖਤਾਂ ਹੇਠ ਵੀ ਇਕ ਮਤਾ ਸਰਕਾਰ ਨੂੰ ਭੇਜਿਆ ਜਾ ਰਿਹਾ ਹੈ ਜਿਸ ਵਿਚ ਪਿੰਡਾਂ ਦੇ ਸਰਪੰਚਾਂ ਨੇ ਦੱਸਿਆ ਕਿ ਉਨ੍ਹਾਂ ਦੇ ਬੱਚਿਆਂ ਨੂੰ ਉਚੇਰੀ ਸਿੱਖਿਆ ਲੈਣ ਲਈ ਕਈ ਕਿੱਲੋਮੀਟਰ ਦੂਰ ਕਸਬਾ ਦੋਰਾਂਗਲਾ ਜਾਂ ਗਾਹਲੜੀ ਦੇ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਜਾਣਾ ਪੈ ਰਿਹਾ ਹੈ ਅਤੇ ਉੱਪਰੋਂ ਇਨ੍ਹਾਂ ਪਿੰਡਾਂ ਅੰਦਰ ਆਵਾਜਾਈ ਲਈ ਬੱਸ ਜਾਂ ਕੋਈ ਹੋਰ ਪ੍ਰਬੰਧ ਵੀ ਨਾ ਹੋਣ ਕਾਰਨ ਬੱਚਿਆਂ ਨੂੰ ਸਕੂਲ ਤੋਂ ਆਉਣ-ਜਾਣ ਵਿਚ ਭਾਰੀ ਪ੍ਰੇਸ਼ਾਨੀਆਂ ਆ ਰਹੀਆਂ ਹਨ। ਖ਼ਾਸ ਕਰਕੇ ਲੜਕੀਆਂ ਲਈ ਇਹ ਪ੍ਰੇਸ਼ਾਨੀ ਹੋਰ ਵੀ ਗੰਭੀਰ ਬਣ ਜਾਂਦੀ ਹੈ। ਇਲਾਕੇ ਦੇ ਪਿੰਡਾਂ ਦੀਆਂ ਪੰਚਾਇਤਾਂ ਨੇ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਸਰਕਾਰੀ ਮਿਡਲ ਸਕੂਲ ਇਸਲਾਮਪੁਰ ਨੂੰ ਅਪਗ੍ਰੇਡ ਕਰਕੇ 10ਵੀਂ ਜਾਂ 12ਵੀਂ ਤੱਕ ਕੀਤਾ ਜਾਵੇ।