ਗੁਰਦਾਸਪੁਰ, 15 ਜੂਨ (ਅਸ਼ੋਕ ਸ਼ਰਮਾ)-ਪੰਜਾਬ ਨੈਸ਼ਨਲ ਬੈਂਕ ਹਨੂਮਾਨ ਚੌਕ ਬਰਾਂਚ ਗੁਰਦਾਸਪੁਰ ਵਿਖੇ ਸ਼ਹੀਦ ਬੀ. ਐਸ. ਐਫ. ਸਬ-ਇੰਸਪੈਕਟਰ ਕਰਮਜੀਤ ਸਿੰਘ ਦੇ ਪਰਿਵਾਰ ਨੂੰ ਪੀ. ਐਨ. ਬੀ. ਰੱਖਿਅਕ ਸਕੀਮ ਤਹਿਤ 50 ਲੱਖ ਰੁਪਏ ਦਾ ਚੈਕ ਦੇਣ ਸਬੰਧੀ ਇਕ ਸਮਾਗਮ ਕਰਵਾਇਆ ਗਿਆ ਜਿਸ ਦੀ ਪ੍ਰਧਾਨਗੀ ਪੰਜਾਬ ਨੈਸ਼ਨਲ ਬੈਂਕ ਦੇ ਸਰਕਲ ਹੈਡ ਸੰਜੀਵ ਕੁਮਾਰ ਕੌਂਡਲ ਨੇ ਕੀਤੀ | ਇਸ ਮੌਕੇ ਉਨ੍ਹਾਂ ਨਾਲ ਸ਼ਸ਼ਾਂਕ ਸ਼ੁਕਲਾ ਚੀਫ਼ ਮੈਨੇਜਰ ਤੋਂ ਇਲਾਵਾ ਰਾਜਨ ਮਲਹੋਤਰਾ ਲੀਡ ਬੈਂਕ ਮੈਨੇਜਰ, ਗੁਰਮੀਤ ਸ਼ਰਮਾ ਸੀਨੀਅਰ ਮੈਨੇਜਰ ਹਾਜ਼ਰ ਸਨ | ਇਸ ਮੌਕੇ ਜਾਣਕਾਰੀ ਦਿੰਦਿਆਂ ਸਰਕਲ ਹੈਡ ਸੰਜੀਵ ਕੁਮਾਰ ਕੌਂਡਲ ਨੇ ਦੱਸਿਆ ਕਿ ਸ਼ਹੀਦ ਕਰਮਜੀਤ ਸਿੰਘ ਦਾ ਪੀ. ਐਨ. ਬੀ. ਬੈਂਕ ਗੁਰਦਾਸਪੁਰ ਵਿਚ ਆਪਣੀ ਤਨਖ਼ਾਹ ਦਾ ਬੱਚਤ ਖਾਤਾ ਖੋਲਿ੍ਹਆ ਸੀ, ਜੋ ਰੱਿਖ਼ਅਕ ਯੋਜਨਾ ਨਾਲ ਜੁੜਿਆ ਹੋਇਆ ਸੀ | ਉਨ੍ਹਾਂ ਦੀ ਮੌਤ ਤੋਂ ਬਾਅਦ ਰੱਖਿਅਕ ਸਕੀਮ ਤਹਿਤ ਬਣਦੀ ਬੀਮੇ ਦੀ ਰਾਸ਼ੀ ਦਾ ਚੈਕ ਉਨ੍ਹਾਂ ਦੀ ਧਰਮ ਪਤਨੀ ਪਰਮਜੀਤ ਕੌਰ ਵਾਸੀ ਝਾਵਰ ਨੂੰ ਸੌਂਪਿਆ ਗਿਆ | ਸੰਜੀਵ ਕੁਮਾਰ ਕੌਂਡਲ ਨੇ ਕਿਹਾ ਕਿ ਪੀ. ਐਨ. ਬੀ. ਬਹਾਦਰ ਸ਼ਹੀਦਾਂ ਦੇ ਨਾਲ ਮਜ਼ਬੂਤੀ ਨਾਲ ਖੜ੍ਹਾ ਹੈ | ਉਨ੍ਹਾਂ ਕਿਹਾ ਕਿ ਕਰਮਜੀਤ ਸਿੰਘ ਦੀ ਸ਼ਹੀਦੀ ਨੂੰ ਉਹ ਸਲਾਮ ਕਰਦੇ ਹਨ ਅਤੇ ਅਤਿ ਸੰਵੇਦਨਸ਼ੀਲਤਾ ਪ੍ਰਗਟ ਕਰਦੇ ਹਨ | ਇਸ ਸਮਾਗਮ ਵਿਚ ਸ਼ਹੀਦ ਕਰਮਜੀਤ ਸਿੰਘ ਦੇ ਪਰਿਵਾਰ ਦੇ ਮੈਂਬਰ ਵੀ ਸ਼ਾਮਿਲ ਹੋਏ |