ਕਾਦੀਆਂ, 15 ਜੂਨ (ਕੁਲਵਿੰਦਰ ਸਿੰਘ)-ਪੰਜਾਬ ਸਰਕਾਰ ਵਲੋਂ ਮਨਾਹੀ ਦੇ ਬਾਵਜੂਦ ਕਾਦੀਆਂ ਸਬ ਤਹਿਸੀਲ ਦਫਤਰ ਦੇ ਪਿਛਲੇ ਪਾਸੇ ਖੇਤਾਂ ਵਿਚ ਕਿਸੇ ਅਣਪਛਾਤੇ ਵਿਅਕਤੀ ਵਲੋਂ ਘਾਹ-ਫੂਸ ਨੂੰ ਲਗਾਈ ਅੱਗ ਨਾਲ ਸੁੱਕੇ ਛੱਪੜ ਦੀ ਬੂਟੀ ਨੂੰ ਅੱਗ ਲੱਗ ਗਈ, ਜਿਸ ਨੇ ਨਜ਼ਦੀਕ ਸਰਕਾਰੀ ਪਾਰਕ ਵਿਚ ਲੱਗੇ ਬੂਟਿਆਂ ਨੂੰ ਆਪਣੀ ਲਪੇਟ ਵਿਚ ਲੈ ਲਿਆ, ਜਿਸ ਨਾਲ 20 ਦੇ ਕਰੀਬ ਛਾਂਦਾਰ ਬੂਟੇ ਸੜ ਗਏ | ਇਸ ਨਾਲ ਪਾਰਕ ਵਿਚ ਲੱਗਾ ਹਰਾ ਘਾਹ ਸੜ ਗਿਆ | ਇਸ ਅੱਗ 'ਤੇ ਨਗਰ ਕੌਂਸਲ ਕਾਦੀਆਂ ਦੀ ਫਾਇਰ ਬਿ੍ਗੇਡ ਗੱਡੀ ਤੇ ਕਰਮਚਾਰੀਆਂ ਵਲੋਂ ਭਾਰੀ ਜੱਦੋ-ਜਹਿਦ ਨਾਲ ਅੱਗ 'ਤੇ ਕਾਬੂ ਪਾਇਆ ਗਿਆ | ਨਗਰ ਕੌਂਸਲ ਕਾਦੀਆਂ ਦੇ ਸਾਬਕਾ ਪ੍ਰਧਾਨ ਸ਼੍ਰੀ ਅਰਵਿੰਦ ਮੋਹਨ ਜੁਲਕਾ ਨੇ ਕਿਹਾ ਹੈ ਕਿ ਇਸ ਘਟਨਾ ਦੀ ਜਾਂਚ ਕਰ ਕੇ ਮਾਮਲਾ ਦਰਜ ਕਰਨਾ ਚਾਹੀਦਾ ਹੈ | ਪ੍ਰਦੂਸ਼ਣ ਕੰਟਰੋਲ ਬੋਰਡ ਟੀਮ ਦੇ ਨੋਡਲ ਅਫ਼ਸਰ ਡਾ. ਜੋਬਨਜੀਤ ਸਿੰਘ ਨੇ ਕਿਹਾ ਹੈ ਕਿ ਸਬ-ਤਹਿਸੀਲ ਦਫ਼ਤਰ ਕਾਦੀਆਂ ਦੇ ਪਿੱਛੇ ਸਥਿੱਤ ਛੱਪੜ ਅਤੇ ਸਰਕਾਰੀ ਪਾਰਕ ਨੂੰ ਲੱਗੀ ਅੱਗ ਅਤੇ ਬੂਟਿਆਂ ਦੇ ਸੜਨ ਦੀ ਜਾਣਕਾਰੀ ਮਿਲਣ 'ਤੇ ਉਨ੍ਹਾਂ ਆਪਣੀ ਟੀਮ ਨੂੰ ਜਾਇਜ਼ਾ ਲੈਣ ਲਈ ਮੌਕੇ 'ਤੇ ਭੇਜਿਆ ਹੈ | ਜਾਂਚ ਦੌਰਾਨ ਜੋ ਵੀ ਦੋਸ਼ੀ ਪਾਇਆ ਜਾਏਗਾ ਅਤੇ ਕਿਸ ਵਲੋਂ ਅੱਗ ਲਗਾਉਣ ਦੀ ਲਾਪ੍ਰਵਾਹੀ ਵਰਤੀ ਗਈ ਹੈ, 'ਤੇ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ |