ਨਿੱਕੇ ਘੁੰਮਣ, 15 ਜੂਨ (ਸਤਬੀਰ ਸਿੰਘ ਘੁੰਮਣ)-ਜ਼ਿਲ੍ਹਾ ਗੁਰਦਾਸਪੁਰ ਅੰਦਰ ਪੰਜਾਬ ਸਰਕਾਰ ਦੀ ਸਮਾਂ ਸਾਰਣੀ ਅਨੁਸਾਰ ਝੋਨੇ ਦੀ ਲਵਾਈ ਦੀ ਸ਼ੁਰੂਆਤ ਹੋਇਆਂ ਇਕ ਹਫ਼ਤੇ ਤੋਂ ਉਪਰ ਦਾ ਸਮਾਂ ਹੋ ਗਿਆ ਹੈ ਜਦਕਿ ਨਹਿਰੀ ਵਿਭਾਗ ਵਲੋਂ ਸਥਾਨਿਕ ਕਸਬੇ ਸਮੇਤ ਹੋਰ ਦਰਜਨਾਂ ਪਿੰਡਾਂ ਨੂੰ ਨਹਿਰੀ ਪਾਣੀ ਦੇਣ ਵਾਲੇ ਫਤੇਹਨੰਗਲ ਰਜਬਾਹੇ ਵਿਚ ਪਾਣੀ ਨਹੀਂ ਛੱਡਿਆ ਗਿਆ | ਨਹਿਰੀ ਪਾਣੀ ਨਾ ਮਿਲਣ ਕਾਰਨ ਨਹਿਰੀ ਪਾਣੀ 'ਤੇ ਨਿਰਭਰ ਕਿਸਾਨ ਡਾਹਢੇ ਪ੍ਰੇਸ਼ਾਨ ਹੋਏ ਪਏ ਹਨ | ਸਥਾਨਿਕ ਇਲਾਕੇ ਦੀ ਨਾਮਵਰ ਕਿਸਾਨ ਜਥੇਬੰਦੀ ਮਾਝਾ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਛੀਨਾ ਅਤੇ ਜ਼ਿਲ੍ਹਾ ਪ੍ਰਧਾਨ ਜਸਵਿੰਦਰ ਸਿੰਘ ਨੇ ਦੱਸਿਆ ਕਿ ਪੰਜਾਬ ਸਰਕਾਰ ਵਲੋਂ ਐਲਾਨ ਕੀਤਾ ਹੋਇਆ ਹੈ ਕਿ ਹਰੇਕ ਰਜਬਾਹੇ ਦੀ ਆਖਰੀ ਟੇਲ ਤੱਕ ਪਾਣੀ ਪੂਰੀ ਮਾਤਰਾ ਵਿਚ ਪਹੁੰਚ ਰਿਹਾ ਹੈ, ਜਦ ਕਿ ਉਕਤ ਫਤੇਹਨੰਗਲ ਰਜਬਾਹੇ ਦੀ ਅੱਜ ਤੱਕ ਸਾਫ਼-ਸਫ਼ਾਈ ਹੀ ਕੀਤੀ ਜਾ ਰਹੀ ਹੈ | ਹੁਣ ਤੱਕ ਕੱੁਲ 79 ਬੁਰਜੀਆਂ ਅੰਦਰ ਕੇਵਲ 28 ਬੁਰਜੀਆਂ ਤੱਕ ਹੀ ਸਫ਼ਾਈ ਹੋਈ ਹੈ | ਇਸ ਰਜਬਾਹੇ 'ਤੇ ਨਿਰਭਰ ਵੱਖ-ਵੱਖ ਪਿੰਡਾਂ ਕਲੇਰ ਖੁਰਦ, ਕਲੇਰ ਕਲਾਂ, ਕੈਲੇ, ਕੋਟਲਾ ਚਾਹਲ, ਕੋਟਲਾ ਖੁਰਦ, ਘੁੰਮਣ ਖੁਰਦ, ਬੂਲੇਵਾਲ, ਚੱਕ ਭੰਗਵਾਂ, ਰਾਜੂਵਾਲ, ਦਬੁਰਜੀ ਸਮੇਤ ਹੋਰ ਅਗਲੇਰੇ ਪਿੰਡਾਂ ਦੇ ਕਿਸਾਨਾਂ ਰੋਸ ਪ੍ਰਗਟ ਕਰਦੇ ਕਿਹਾ ਕਿ ਪੰਜਾਬ ਸਰਕਾਰ ਦੇ ਸਮੇਂ ਅਨੁਸਾਰ 5 ਜੂਨ ਤੋਂ ਜ਼ਿਲ੍ਹਾ ਗੁਰਦਾਸਪੁਰ ਅੰਦਰ ਝੋਨੇ ਦੀ ਲਵਾਈ ਜੰਗੀ ਪੱਧਰ 'ਤੇ ਆਰੰਭ ਹੋ ਚੁੱਕੀ ਹੈ | ਨਹਿਰੀ ਪਾਣੀ ਨਾ ਮਿਲਣ ਕਾਰਨ ਕਿਸਾਨ ਮਹਿੰਗੇ ਭਾਅ ਡੀਜ਼ਲ 'ਤੇ ਖ਼ਰਚ ਕਰ ਕੇ ਜਨਰੇਟਰਾਂ ਸਹਾਰੇ ਝੋਨੇ ਦੀ ਲਵਾਈ ਕਰ ਰਹੇ ਹਨ ਜਦ ਕਿ ਨਹਿਰੀ ਵਿਭਾਗ ਰਜਬਾਹੇ ਦੀ ਖੁਦਾਈ ਕਰਕੇ ਜਦ ਤੱਕ ਕਿਸਾਨਾਂ ਨੂੰ ਪਾਣੀ ਮੁਹੱਈਆ ਕਰੇਗਾ, ਉਸ ਸਮੇਂ ਤੱਕ ਕਿਸਾਨ ਖੁਦ ਆਪਣੇ ਪਾਣੀ ਸਾਧਨਾਂ ਰਾਹੀਂ ਝੋਨੇ ਦੀ ਲਵਾਈ ਮੁਕੰਮਲ ਕਰ ਚੁੱਕੇ ਹੋਣਗੇ | ਇਲਾਕੇ ਦੇ ਕਿਸਾਨਾਂ ਵਲੋਂ ਉਕਤ ਰਜਬਾਹੇ ਵਿਚ ਵੱਖ-ਵੱਖ ਥਾਵਾਂ 'ਤੇ ਗੈਰ ਕਾਨੂੰਨਾ ਤਰੀਕੇ ਨਾਲ ਸੁੱਟੇ ਜਾ ਰਹੇ ਗੰਦੇ ਪਾਣੀ ਨੂੰ ਵੀ ਤੁਰੰਤ ਬੰਦ ਕਰਵਾ ਕੇ ਰਜਬਾਹੇ ਵਿਚ ਪੂਰੀ ਮਿਕਦਾਰ ਵਿਚ ਪਾਣੀ ਛੱਡਣ ਦੀ ਮੰਗ ਨਹਿਰੀ ਵਿਭਾਗ ਦੇ ਮੰਤਰੀ ਸਮੇਤ ਉਚ ਅਧਿਕਾਰੀਆਂ ਤੋਂ ਕੀਤੀ ਹੈ | ਇਸ ਦਾ ਜਵਾਬ ਲੈਣ ਲਈ ਵਿਭਾਗ ਦੇ ਐਕਸੀਅਨ ਐੱਸ.ਡੀ.ਓ. ਨਾਲ ਸੰਪਰਕ ਕਰਨ 'ਤੇ ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਦੀਆ ਹਦਾਇਤਾਂ ਅਨੁਸਾਰ ਉਕਤ ਰਜਬਾਹੇ ਦੀ ਸਫ਼ਾਈ ਖੁਦਾਈ ਜੰਗੀ ਪੱਧਰ 'ਤੇ ਚੱਲ ਰਹੀ ਹੈ | ਜਲਦੀ ਹੀ ਕਿਸਾਨਾਂ ਨੂੰ ਰਜਬਾਹੇ ਰਾਹੀਂ ਪੂਰਾ ਪਾਣੀ ਮਿਲਣਾ ਸ਼ੁਰੂ ਹੋ ਜਾਵੇਗਾ |