ਗੁਰਦਾਸਪੁਰ, 16 ਜੂਨ (ਗੁਰਪ੍ਰਤਾਪ ਸਿੰਘ)-ਸ਼ਹੀਦ ਬਲਜੀਤ ਸਿੰਘ ਭਵਨ ਵਿਖੇ ਸੀ.ਪੀ.ਆਈ, ਸੀ.ਪੀ.ਐਮ, ਆਰ.ਐਮ.ਪੀ ਆਈ ਅਤੇ ਸੀ.ਪੀ.ਆਈ.ਐਮ.ਐਲ ਲਿਬਰੇਸ਼ਨ ਦੇ ਆਗੂ ਗੁਲਜ਼ਾਰ ਸਿੰਘ ਬਸੰਤਕੋਟ, ਰਣਬੀਰ ਸਿੰਘ ਵਿਰਕ, ਰਘਬੀਰ ਸਿੰਘ ਪਕੀਵਾਂ ਅਤੇ ਗੁਰਮੀਤ ਸਿੰਘ ਬਖਤਪੁਰਾ ਦੀ ਅਗਵਾਈ 'ਚ ਖੱਬੀਆਂ ਧਿਰਾਂ ਦੇ ਆਗੂਆਂ ਦੀ ਮੀਟਿੰਗ ਹੋਈ | ਜਿਸ ਵਿਚ ਦੇਸ਼ ਪੱਧਰ 'ਤੇ ਖੱਬੀਆਂ ਧਿਰਾਂ ਵਲੋਂ ਫ਼ਲਸਤੀਨੀਆਂ ਨਾਲ ਇੱਕਜੁੱਟਤਾ ਤਹਿ ਕਰਨ ਦੇ ਸੱਦੇ ਦੇ ਮੱਦੇਨਜ਼ਰ ਫ਼ੈਸਲਾ ਕੀਤਾ ਕਿ 17 ਜੂਨ ਨੂੰ ਗੁਰੂ ਨਾਨਕ ਪਾਰਕ ਗੁਰਦਾਸਪੁਰ ਵਿਖੇ ਇਕੱਠੇ ਹੋਣ ਤੋਂ ਬਾਅਦ ਇਜਰਾਇਲ ਦੇ ਰਾਸ਼ਟਰਪਤੀ ਨੇਤਨਯਾਹੂ ਅਤੇ ਉਸ ਦੇ ਬੌਸ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦਾ ਪੁਤਲਾ ਫੂਕਿਆ ਜਾਵੇਗਾ, ਕਿਉਂਕਿ ਸੰਸਾਰ ਦੀ ਲੋਕ ਰਾਏ ਨੂੰ ਪੈਰਾਂ ਹੇਠ ਰੌਦਦਿਆਂ ਕਰੀਬ ਇਕ ਸਾਲ ਤੋਂ ਨੇਤਨਯਾਹੂ ਫ਼ਲਸਤੀਨੀਆਂ ਦੀ ਨਸਲਕੁਸ਼ੀ ਕਰ ਰਿਹਾ ਹੈ, ਜਿਸ ਨਸਲਕੁਸ਼ੀ ਦੀ ਅਮਰੀਕੀ ਰਾਸ਼ਟਰਪਤੀ ਵਲੋਂ ਹਮਾਇਤ ਕੀਤੀ ਗਈ ਹੈ | ਆਗੂਆਂ ਨੇ ਕਿਹਾ ਕਿ ਭਾਰਤ ਦੀ ਮੋਦੀ ਸਰਕਾਰ ਨੂੰ ਫ਼ਲਸਤੀਨੀਆਂ ਨਾਲ ਖੜਨਾ ਚਾਹੀਦਾ ਹੈ ਪਰ ਅਫ਼ਸੋਸ ਹੈ ਕਿ ਸਰਕਾਰ ਇਜਰਾਇਲ ਨਾਲ ਦੋਸਤੀ ਨਿਭਾਅ ਕੇ ਭਾਰਤ ਦੇ ਮਜ਼ਲੂਮ ਹਿਤੂ ਹੋਣ ਦੇ ਅਕਸ ਨੂੰ ਖ਼ਰਾਬ ਕਰ ਰਹੀ ਹੈ | ਆਗੂਆਂ ਨੇ ਕਿਹਾ ਕਿ ਦੇਸ਼ ਦੀਆਂ ਖੱਬੀਆਂ ਧਿਰਾਂ ਮੰਗ ਕਰਦੀਆਂ ਹਨ ਕਿ ਗਾਜਾ ਵਿਚ ਬਿਨਾਂ ਰੁਕਾਵਟ ਮਨੁੱਖੀ ਸਹਾਇਤਾ ਯਕੀਨੀ ਬਣਾਈ ਜਾਵੇ ਅਤੇ ਗਾਜਾ ਦੀ ਅਣਮਨੁੱਖੀ ਘੇਰਾਬੰਦੀ ਫ਼ੌਰੀ ਖ਼ਤਮ ਕੀਤੀ ਜਾਵੇ | ਮੀਟਿੰਗ ਵਿਚ ਮੱਖਣ ਸਿੰਘ ਕੁਹਾੜ, ਸੁਖਦੇਵ ਸਿੰਘ ਭਾਗੋਕਾਵਾਂ, ਅਸ਼ਵਨੀ ਕੁਮਾਰ ਲੱਖਣ ਕਲਾਂ, ਸ਼ਮਸ਼ੇਰ ਸਿੰਘ ਨਵਾਂ ਪਿੰਡ, ਗੁਲਜ਼ਾਰ ਸਿੰਘ ਭੁੰਬਲੀ, ਵਿਜੇ ਕੁਮਾਰ ਸੋਹਲ, ਦਲਬੀਰ ਭੋਲਾ,ਪ੍ਰੇਮ ਮਸੀਹ ਸੋਨਾ ਅਤੇ ਲਖਵਿੰਦਰ ਸਿੰਘ ਰੋਸਾ ਆਦਿ ਸ਼ਾਮਿਲ ਸਨ |