ਉਸਾਰੀ ਮਿਸਤਰੀ ਮਜ਼ਦੂਰ ਯੂਨੀਅਨ ਇਫਟੂ ਵਲੋਂ 2 ਜੁਲਾਈ ਤੋਂ ਡੀ. ਸੀ. ਦਫ਼ਤਰ ਮੂਹਰੇ ਪੱਕੇ ਧਰਨੇ ਦਾ ਐਲਾਨ
ਅਜੀਤ ਡੈਸਕ
18-06-2025
ਗੁਰਦਾਸਪੁਰ, 17 ਜੂਨ (ਗੁਰਪ੍ਰਤਾਪ ਸਿੰਘ)-ਇਫਟੂ ਦੀ ਅਗਵਾਈ ਹੇਠ ਭੱਠਾ ਮਜ਼ਦੂਰਾਂ ਵਲੋਂ 2 ਜੁਲਾਈ ਤੋਂ ਡੀ. ਸੀ. ਦਫ਼ਤਰ ਗੁਰਦਾਸਪੁਰ ਮੂਹਰੇ ਦਿਨ-ਰਾਤ ਦੇ ਪੱਕੇ ਧਰਨੇ ਦਾ ਐਲਾਨ ਕੀਤਾ ਹੈ | ਇਸ ਸਬੰਧੀ ਇਫਟੂ ਦੇ ਸੂਬਾ ਆਗੂ ਜੋਗਿੰਦਰਪਾਲ ਪਨਿਆੜ, ਜ਼ਿਲ੍ਹਾ ਆਗੂ ਸੁਖਦੇਵ ਰਾਜ ਬਹਿਰਾਮਪੁਰ, ਸਕੱਤਰ ਜੋਗਿੰਦਰ ਪਾਲ ਘੁਰਾਲਾ ਤੇ ਗੁਰਮੀਤ ਸਿੰਘ ਸਿਧਵਾਂ ਨੇ ਦੱਸਿਆ ਕਿ ਭੱਠਾ ਮਜ਼ਦੂਰਾਂ ਨੇ ਇਕ ਸਾਲ ਪਹਿਲਾਂ ਗਾਦੜੀਆਂ ਭੱਠੇ 'ਤੇ ਨਿਕਾਸੀ ਅਤੇ ਪਥੇਰ ਦਾ ਕੰਮ ਕੀਤਾ ਸੀ ਪਰ ਭੱਠਾ ਮਾਲਕ ਵਲੋਂ ਉਨ੍ਹਾਂ ਦਾ ਜ਼ਰੂਰੀ ਘਰੇਲੂ ਸਮਾਨ ਅਤੇ ਮਸ਼ੀਨਰੀ ਜ਼ਬਤ ਕਰ ਲਈ ਗਈ | ਜਿਸ ਵਿਚ ਚਾਰ ਸਿਲੰਡਰ, ਦੋ ਬੱੈਡ, 12 ਰੇਹੜੀਆਂ, 3 ਟਰੈਕਟਰ, 3 ਟਰਾਲੀਆਂ, 18 ਮੰਜੇ, ਛੇ ਪੱਖੇ, ਇਕ ਮੋਟਰਸਾਈਕਲ, ਕਹੀਆਂ, ਭਾਲੇ, ਕੁਝ ਭਾਂਡੇ ਅਤੇ ਇਕ ਸੰਦੂਕ ਸ਼ਾਮਿਲ ਹਨ | ਇਸ ਤੋਂ ਇਲਾਵਾ ਲਗਪਗ ਢਾਈ ਲੱਖ ਰੁਪਏ ਦੀ ਮਜ਼ਦੂਰੀ ਦਾ ਬਕਾਇਆ ਵੀ ਭੱਠਾ ਮਾਲਕ ਵੱਲ ਰਹਿੰਦਾ ਹੈ | ਆਗੂਆਂ ਨੇ ਦੱਸਿਆ ਕਿ ਇਸ ਮਸਲੇ ਨੂੰ ਲੇਬਰ ਮਹਿਕਮਾ ਅਤੇ ਜ਼ਿਲ੍ਹਾ ਪ੍ਰਸ਼ਾਸਨ ਦੇ ਉੱਚ ਅਧਿਕਾਰੀਆਂ ਦੇ ਧਿਆਨ ਵਿਚ ਵੀ ਲਿਆਂਦਾ ਗਿਆ ਹੈ ਪਰ ਭੱਠਾ ਮਾਲਕਾਂ ਵਲੋਂ ਫਿਰ ਵੀ ਮਜ਼ਦੂਰਾਂ ਦਾ ਸਮਾਨ ਅਤੇ ਬਕਾਇਆ ਨਹੀਂ ਦਿੱਤਾ ਜਾ ਰਿਹਾ ਹੈ | ਮਜ਼ਦੂਰ ਆਗੂਆਂ ਨੇ ਡੀ. ਸੀ. ਗੁਰਦਾਸਪੁਰ ਤੋਂ ਇਸ ਮਸਲੇ ਨੂੰ ਤੁਰੰਤ ਹੱਲ ਕਰਨ ਦੀ ਮੰਗ ਕੀਤੀ | ਇਸ ਮੌਕੇ ਗੁਰਮੀਤ ਸਿੰਘ, ਹਰਦੇਵ ਸਿੰਘ ਯੂਸਫ਼, ਰਮੇਸ਼ ਸਿੰਘ, ਰਾਜੂ ਮਸੀਹ, ਅਨਮੋਲ ਸਿੰਘ, ਹਰਦੀਪ, ਪ੍ਰਭਜੋਤ ਅਤੇ ਵੱਡੀ ਖ਼ਜ਼ਾਨ ਸਿੰਘ ਹਾਜ਼ਰ ਸਨ |
ਕੱਲ੍ਹ ਬਿਜਲੀ ਬੰਦ ਰਹੇਗੀ
ਕੋਟਲੀ ਸੂਰਤ ਮੱਲ੍ਹੀ, 17 ਜੂਨ (ਕੁਲਦੀਪ ਸਿੰਘ ਨਾਗਰਾ)-ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮ. ਦੀ ਸਬ ਡਵੀਜਨ ਕੋਟਲੀ ਸੂਰਤ ਮੱਲ੍ਹੀ ਦੇ ਐਸ. ਡੀ. ਓ. ਇੰਜੀ. ਜੋਬਨਜੀਤ ਸਿੰਘ ਪੰਨੂੰ ਤੇ ਜੂਨੀਅਰ ਇੰਜੀ. ਬਿਕਰਮ ਸਿੰਘ ਨੇ ਦੱਸਿਆ ਕਿ 220 ਕੇ. ਵੀ. ਸਬ ਸਟੇਸ਼ਨ ਕੋਟਲੀ ਸੂਰਤ ਮੱਲ੍ਹੀ ਤੋਂ ਚਲਦੇ 11 ਕੇ. ਵੀ. ਫੀਡਰ ਮੰਮਣ ਯੂ. ਪੀ. ਐਸ. ਤੇ 11 ਕੇ. ਵੀ. ਫੀਡਰ ਦਾਲਮ ਏ. ਪੀ. ਦੀ ਬਿਜਲੀ ਸਪਲਾਈ 19 ਜੂਨ ਨੂੰ ਨਵੇਂ ਫੀਡਰ ਦਾ ਕੰਮ ਕਰਨ ਵਾਸਤੇ ਸਵੇਰੇ 9 ਵਜੇ ਤੋਂ ਲੈ ਕੇ ਸ਼ਾਮ 6 ਵਜੇ ਤੱਕ ਬੰਦ ਰਹੇਗੀ |