ਗੁਰਦਾਸਪੁਰ, 17 ਜੂਨ (ਚੱਕਰਾਜਾ)-ਬੀਤੀ ਰਾਤ ਇਕ ਵਿਅਕਤੀ ਵਲੋਂ ਸ਼ਰਾਬੀ ਹਾਲਤ ਵਿਚ ਬਿਜਲੀ ਘਰ ਬੱਬੇਹਾਲੀ ਅੰਦਰ ਵੜ ਕੇ ਮੁਲਾਜ਼ਮਾਂ ਨੰੂ ਗਾਲੀ ਗਲੋਚ ਕਰਨ ਸਮੇਤ ਸਾਮਾਨ ਦੀ ਭੰਨਤੋੜ ਕੀਤੀ ਗਈ | ਵਿਭਾਗ ਦੇ ਉੱਚ ਅਧਿਕਾਰੀਆਂ ਵਲੋਂ ਪੁਲਿਸ ਕੋਲ ਕੀਤੀ ਸ਼ਿਕਾਇਤ ਵਿਚ ਦੱਸਿਆ ਕਿ ਬੀਤੀ ਰਾਤ ਸਮਾਂ 9.20 ਵਜੇ ਪਿੰਡ ਬੱਬੇਹਾਲੀ ਦਾ ਵਾਸੀ ਇਕ ਵਿਅਕਤੀ ਗੁਰਇਕਬਾਲ ਸਿੰਘ ਪੁੱਤਰ ਮੱਸਾ ਸਿੰਘ ਜਿਸ ਦਾ ਘਰ ਬਿਜਲੀ ਘਰ ਬੱਬੇਹਾਲੀ ਦੇ ਸਾਹਮਣੇ ਪੈਂਦਾ ਹੈ, ਸ਼ਰਾਬੀ ਹਾਲਤ ਵਿਚ ਗੇਟ ਟੱਪ ਕੇ ਬਿਜਲੀ ਘਰ ਜ਼ਬਰਦਸਤੀ ਦਾਖ਼ਲ ਹੋ ਗਿਆ ਅਤੇ ਆਉਂਦੇ ਹੀ ਕੰਟਰੋਲ ਰੂਮ ਵਿਚ ਦਾਖ਼ਲ ਹੋ ਕੇ ਮੌਕੇ 'ਤੇ ਤਾਇਨਾਤ ਕਰਮਚਾਰੀਆਂ ਨੰੂ ਗਾਲੀ ਗਲੋਚ ਕਰਨਾ ਸ਼ੁਰੂ ਕਰ ਦਿੱਤਾ ਅਤੇ ਲੋਹੇ ਦੀ ਰਾਡ ਨਾਲ ਬਿਜਲੀ ਯੰਤਰਾਂ ਤੇ ਹੋਰ ਸਮਾਨ ਦੀ ਭੰਨਤੋੜ ਕਰਨੀ ਸ਼ੁਰੂ ਕਰ ਦਿੱਤੀ ਗਈ | ਉਨ੍ਹਾਂ ਦੱਸਿਆ ਕਿ ਉਕਤ ਵਿਅਕਤੀ ਵਲੋਂ ਰੀਲੇਆਂ ਦੀ ਕੀਤੀ ਭੰਨਤੋੜ ਕਾਰਨ ਬਿਜਲੀ ਸਪਲਾਈ ਵੀ ਬੰਦ ਹੋ ਗਈ | ਜਿਸ ਨਾਲ ਬਿਜਲੀ ਘਰ ਦੀ ਲਾਈਟ ਵੀ ਬੰਦ ਹੋ ਗਈ, ਜਿਸ ਦਾ ਫ਼ਾਇਦਾ ਲੈਂਦੇ ਹੋਏ ਹਨੇਰੇ ਵਿਚ ਉਕਤ ਵਿਅਕਤੀ ਮੌਕੇ ਤੋਂ ਭੱਜ ਗਿਆ | ਬਿਜਲੀ ਅਧਿਕਾਰੀਆਂ ਨੇ ਪੁਲਿਸ ਦੇ ਉੱਚ ਅਧਿਕਾਰੀਆਂ ਤੋਂ ਮੰਗ ਕਰਦਿਆਂ ਕਿਹਾ ਕਿ ਉਕਤ ਵਿਅਕਤੀ ਖ਼ਿਲਾਫ਼ ਸਖ਼ਤ ਕਾਨੰੂਨੀ ਕਾਰਵਾਈ ਕੀਤੀ ਜਾਵੇ |