ਕੋਟਲੀ ਸੂਰਤ ਮੱਲ੍ਹੀ, 17 ਜੂਨ (ਕੁਲਦੀਪ ਸਿੰਘ ਨਾਗਰਾ)-ਬਾਬਾ ਦੁੱਲੇ ਸ਼ਾਹ ਦੀ ਯਾਦ 'ਚ ਦੋ ਰੋਜ਼ਾ ਸਾਲਾਨਾ ਜੋੜ ਤੇ ਪੇਂਡੁੂ ਖੇਡ ਮੇਲਾ 22 ਜੂਨ ਤੋਂ ਝੰਗੀ ਕੋਟਲੀ ਸੂਰਤ ਮੱਲ੍ਹੀ ਵਿਖੇ ਮਨਾਇਆ ਜਾ ਰਿਹਾ ਹੈ | ਇਸ ਸਬੰਧੀ ਮੁੱਖ ਪ੍ਰਬੰਧਕ ਬਾਬਾ ਪਰਮਜੀਤ ਸਿੰਘ ਕੋਟਲੀ ਤੇ ਉੱਘੇ ਖੇਡ ਪ੍ਰਮੋਟਰ ਤੇਜਬੀਰ ਸਿੰਘ ਭਿੱਟੇਵੱਢ ਨੇ ਦੱਸਿਆ ਕਿ ਜੋੜ ਮੇਲੇ ਦੌਰਾਨ ਦਰਗਾਹ 'ਤੇ ਚਾਦਰ ਚੜ੍ਹਾਈ ਜਾਵੇਗੀ ਉਪਰੰਤ ਵੱਖ-ਵੱਖ ਜਥੇ ਸੰਗਤਾਂ ਨੂੰ ਗੁਰਇਤਿਹਾਸ ਰਾਹੀਂ ਨਿਹਾਲ ਕਰਨਗੇ, ਜਦੋਂ ਕਿ 23 ਜੂਨ ਨੂੰ ਸੂਫ਼ੀ ਮਹਿਫ਼ਲ ਦੌਰਾਨ ਸੂਫ਼ੀ ਗਾਇਕਾ ਸੁਲਤਾਨਾ ਨੂਰਾਂ, ਸੁਨੀਲ ਫਿਰੋਜ ਦਰਗਾਬਾਦ, ਨਿੱਕਾ ਭਗਵਾਨਪੁਰੀਆ ਸਮੇਤ ਹੋਰ ਕਲਾਕਾਰ ਆਪਣੇ ਫਨ ਦਾ ਮੁਜ਼ਾਹਰਾ ਕਰਨਗੇ, ਜਦੋਂ ਕਿ ਕਬੱਡੀ ਪ੍ਰਮੋਟਰ ਤੇਜਬੀਰ ਸਿੰਘ ਭਿੱਟੇਵੱਢ ਦੀ ਦੇਖ-ਰੇਖ ਹੇਠ ਅੰਤਰਰਾਸ਼ਟਰੀ ਖਿਡਾਰੀਆਂ ਨਾਲ ਸਜੀਆਂ ਕਬੱਡੀ ਟੀਮਾਂ ਦਰਮਿਆਨ ਸ਼ੋਅ ਮੇੈਚ ਹੋਵੇਗਾ ਤੇ ਜੇਤੂ ਟੀਮਾਂ ਨੂੰ ਨਕਦ ਇਨਾਮ ਦਿੱਤੇ ਜਾਣਗੇ | ਆਥਣ ਸਮੇਂ ਇਨਾਮੀ ਪਹਿਲਵਾਨਾਂ ਦੀਆਂ ਕੁਸ਼ਤੀਆਂ ਹੋਣਗੀਆਂ | ਜੋੜ ਮੇਲੇ ਦੌਰਾਨ ਜਥੇਦਾਰ ਬਾਬਾ ਮੇਜਰ ਸਿੰਘ ਸੋਢੀ ਸਮੇਤ ਨਿਹੰਗ ਸਿੰਘ ਜਥੇਬੰਦੀਆਂ ਤੇ ਸੰਤ-ਮਹਾਂਪੁਰਸ਼ ਪਹੁੰਚ ਰਹੇ ਹਨ | ਕਸਬੇ ਦੇ ਸਮੁੱਚੇ ਨੌਜਵਾਨ ਵੱਡੇ ਉਤਸ਼ਾਹ ਨਾਲ ਜੋੜ ਮੇਲੇ ਦੀਆਂ ਤਿਆਰੀਆਂ 'ਚ ਜੁਟੇ ਹੋਏ ਹਨ | ਇਸ ਮੌਕੇ ਉਨ੍ਹਾਂ ਨਾਲ ਸਾਬੀ ਕੋਟਲੀ ਸਮੇਤ ਸੰਗਤਾਂ ਹਾਜ਼ਰ ਸਨ |