ਬਟਾਲਾ, 18 ਜੂਨ (ਸਤਿੰਦਰ ਸਿੰਘ)-ਵਿਧਾਨ ਸਭਾ ਹਲਕਾ ਲੁਧਿਆਣਾ ਪੱਛਮੀ ਤੋਂ ਸ਼੍ਰੋਮਣੀ ਅਕਾਲੀ ਦਲ ਦੇ ਉਮੀਦਵਾਰ ਸ: ਪਰਉਪਕਾਰ ਸਿੰਘ ਘੁੰਮਣ ਦੇ ਹੱਕ ਵਿਚ ਚੋਣ ਪ੍ਰਚਾਰ ਕਰ ਕੇ ਵਾਪਸ ਆਏ ਸ: ਰਮਨਦੀਪ ਸਿੰਘ ਸੰਧੂ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ, ਮੈਂਬਰ ਸ਼੍ਰੋਮਣੀ ਕਮੇਟੀ ਜਥੇ. ਗੁਰਨਾਮ ਸਿੰਘ ਜੱਸਲ ਤੇ ਸੁਰਿੰਦਰ ਸਿੰਘ ਮਿੰਟੂ ਕੰਵਰ ਜ਼ਿਲ੍ਹਾ ਪ੍ਰਧਾਨ ਸ਼੍ਰੋਮਣੀ ਅਕਾਲੀ ਦਲ ਪਠਾਨਕੋਟ ਨੇ ਕਿਹਾ ਕਿ ਚੋਣ ਪ੍ਰਚਾਰ ਦੌਰਾਨ ਵੋਟਰਾਂ ਦੇ ਉਤਸ਼ਾਹ ਤੋਂ ਪਤਾ ਚਲਦਾ ਹੈ ਕਿ ਇਸ ਜ਼ਿਮਨੀ ਚੋਣ ਵਿਚ ਅਕਾਲੀ ਦਲ ਜਿੱਤ ਪ੍ਰਾਪਤ ਕਰ ਕੇ ਇਤਿਹਾਸ ਸਿਰਜੇਗਾ | ਜ਼ਿਲ੍ਹਾ ਪ੍ਰਧਾਨ ਸੰਧੂ, ਜਥੇ. ਜੱਸਲ ਤੇ ਮਿੰਟੂ ਕੰਵਰ ਨੇ ਕਿਹਾ ਕਿ ਜ਼ਿਮਨੀ ਚੋਣ ਨੂੰ ਲੈ ਕੇ ਵੋਟਰਾਂ ਵਿਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀਆਂ ਲੋਕ ਪੱਖੀ ਨੀਤੀਆਂ ਤੇ ਵਿਚਾਰਧਾਰਾ ਅਤੇ ਅਕਾਲੀ ਉਮੀਦਵਾਰ ਪਰਉਪਕਾਰ ਸਿੰਘ ਘੁੰਮਣ ਦੀ ਸ਼ਖ਼ਸੀਅਤ ਨੂੰ ਲੈ ਕੇ ਭਾਰੀ ਉਤਸ਼ਾਹ ਪਾਇਆ ਜਾ ਰਿਹਾ ਹੈ | ਉਕਤ ਆਗੂਆਂ ਨੇ ਦਾਅਵਾ ਕੀਤਾ ਕਿ ਲੁਧਿਆਣਾ ਜ਼ਿਮਨੀ ਚੋਣ ਅਕਾਲੀ ਦਲ ਵੱਡੇ ਫਰਕ ਨਾਲ ਜਿੱਤੇਗਾ ਤੇ 2027 ਵਿਚ ਪ੍ਰਧਾਨ ਸ: ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿਚ ਸਰਕਾਰ ਦਾ ਗਠਨ ਕਰ ਕੇ ਲੋਕਾਂ ਦੇ ਸੁਪਨੇ ਪੂਰੇ ਕੀਤੇ ਜਾਣਗੇ | ਇਸ ਮੌਕੇ ਹਰਪ੍ਰੀਤ ਸਿੰਘ ਰਾਜਾ, ਗੁਰਮੀਤ ਸਿੰਘ ਕਾਹਲੋਂ ਆਦਿ ਹਾਜ਼ਰ ਸਨ |