ਬਟਾਲਾ, 18 ਜੂਨ (ਸਤਿੰਦਰ ਸਿੰਘ)-ਗੁਰਦੁਆਰਾ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਬੋਰਡ ਅਤੇ ਮਹਾਰਾਸ਼ਟਰ ਦੇ ਸਿੱਖ ਭਾਈਚਾਰੇ ਦੀ ਮੰਗ ਨੂੰ ਸਵੀਕਾਰ ਕਰਦਿਆਂ ਵੰਦੇ ਭਾਰਤ ਐਕਸਪ੍ਰੈਸ ਨੂੰ ਨਾਂਦੇੜ ਤੱਕ ਵਧਾਇਆ ਗਿਆ ਹੈ | ਇਸ ਸਬੰਧ ਵਿਚ ਦੇਸ਼ ਦੇ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ, ਰੇਲ ਮੰਤਰੀ ਅਸ਼ਵਨੀ ਵੈਸ਼ਨਵ, ਰੇਲ ਰਾਜ ਮੰਤਰੀ ਰਵਨੀਤ ਸਿੰਘ ਬਿੱਟੂ ਅਤੇ ਮਹਾਰਾਸ਼ਟਰ ਦੇ ਮੁੱਖ ਮੰਤਰੀ ਸ਼੍ਰੀ ਦੇਵੇਂਦਰ ਫੜਨਵੀਸ ਦੇ ਫੈਸਲੇ ਦਾ ਗੁਰਦੁਆਰਾ ਬੋਰਡ ਦੇ ਪ੍ਰਸ਼ਾਸਕ ਡਾ. ਵਿਜੇ ਸਤਬੀਰ ਸਿੰਘ ਤਹਿ ਦਿਲੋਂ ਧੰਨਵਾਦ ਕੀਤਾ | ਉਨ੍ਹਾਂ ਕਿਹਾ ਕਿ ਇਹ ਮਹਾਰਾਸ਼ਟਰ ਅਤੇ ਪੂਰੇ ਭਾਰਤ ਦੇ ਸਿੱਖ ਭਾਈਚਾਰੇ ਲਈ ਬਹੁਤ ਮਾਣ ਤੇ ਖੁਸ਼ੀ ਦੇ ਪਲ ਹਨ | ਇਸ ਵਿਸਥਾਰ ਨਾਲ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਆਉਣ ਵਾਲੇ ਸ਼ਰਧਾਲੂਆਂ ਨੂੰ ਘੱਟ ਤੋਂ ਘੱਟ ਸਮੇਂ ਵਿਚ ਅਤੇ ਆਰਾਮ ਨਾਲ ਯਾਤਰਾ ਕਰਨ ਵਿਚ ਬਹੁਤ ਮਦਦ ਮਿਲੇਗੀ | ਇਥੇ ਇਹ ਜ਼ਿਕਰਯੋਗ ਹੈ ਕਿ ਵੰਦੇ ਭਾਰਤ ਟਰੇਨ ਨੰਬਰ 20705 ਨਾਂਦੇੜ ਤੋਂ ਸਵੇਰੇ 5 ਵਜੇ ਰਵਾਨਾ ਹੋਵੇਗੀ ਅਤੇ ਦੁਪਹਿਰ 2.25 ਵਜੇ ਮੁੰਬਈ ਪਹੁੰਚੇਗੀ | ਇਸੇ ਤਰ੍ਹਾਂ ਟਰੇਨ ਨੰਬਰ 20706 ਮੁੰਬਈ ਤੋਂ ਦੁਪਹਿਰ 1.10 ਵਜੇ ਰਵਾਨਾ ਹੋਵੇਗੀ ਅਤੇ ਰਾਤ 10:50 ਵਜੇ ਨਾਂਦੇੜ ਪਹੁੰਚੇਗੀ | ਇਹ ਜਾਣਕਾਰੀ ਗੁਰਦੁਆਰਾ ਬੋਰਡ ਦੇ ਸੁਪਰਡੈਂਟ ਨੇ ਪ੍ਰੈੱਸ ਰਿਲੀਜ਼ ਰਾਹੀਂ ਦਿੱਤੀ |