22-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 20-06-2025

10-15 ਸਾਲਾਂ ਤੋਂ ਨਹਿਰੀ ਪਾਣੀ ਦੀ ਉਡੀਕ 'ਚ ਹਨ ਸਰਾਵਾਂ ਤੇ ਕਲਾਨੌਰ ਦੇ ਕਿਸਾਨ

ਅਜੀਤ ਡੈਸਕ 20-06-2025
ਸੂਏ ਦੀ ਸਫ਼ਾਈ ਦੇ ਵੀ ਨਹੀਂ ਹਨ ਲੋੜੀਂਦੇ ਪ੍ਰਬੰਧ : ਕੁਲਵਿੰਦਰ ਸਿੰਘ
ਕਲਾਨੌਰ, 19 ਜੂਨ (ਪੁਰੇਵਾਲ)-ਪੰਜਾਬ ਸਰਕਾਰ ਵਲੋਂ ਟੇਲਾਂ ਤੱਕ ਨਹਿਰੀ ਪਾਣੀ ਪਹੁੰਚਾਉਣ ਦੇ ਦਾਅਵੇ ਕਰਦਿਆਂ ਸਬੰਧਤ ਵਿਭਾਗਾਂ ਨੂੰ ਹਦਾਇਤਾਂ ਕੀਤੀਆਂ ਸਨ, ਜਦਕਿ ਪਿਛਲੀਆਂ ਅਤੇ ਮੌਜ਼ੂਦਾ ਸਰਕਾਰ ਦੇ ਕਾਰਜਕਾਲ 'ਚ ਅਜੇ ਤੱਕ ਟੇਲਾਂ ਤੱਕ ਪਾਣੀ ਪਹੁੰਚਣ ਦੇ ਦਾਅਵੇ ਬਿਆਨਾਂ ਤੱਕ ਹੀ ਸੀਮਿਤ ਹਨ, ਕਿਉਂਕਿ ਪਿੰਡ ਸਰਾਵਾਂ ਅਤੇ ਕਲਾਨੌਰ ਦੇ ਕਿਸਾਨਾਂ ਨੂੰ 10-15 ਸਾਲਾਂ ਤੋਂ ਨਹਿਰੀ ਪਾਣੀ ਨਹੀਂ ਮੁਹੱਈਆ ਹੋ ਰਿਹਾ | ਕਿਸਾਨ ਆਗੂ ਕੁਲਵਿੰਦਰ ਸਿੰਘ ਸਰਾਂ ਨੇ ਹੋਰਨਾਂ ਕਿਸਾਨਾਂ ਦੀ ਹਾਜ਼ਰੀ 'ਚ ਦੱਸਿਆ ਕਿ ਅੱਪਰਬਾਰੀ ਨਹਿਰ ਦੁਆਬ ਨਹਿਰ ਧਾਰੀਵਾਲ ਤੋਂ ਰਣੀਆ ਰਜਬਾਹਾ ਨਿਕਲਦਾ ਹੈ ਤੇ ਬਾਂਗੋਵਾਣੀ ਤੋਂ ਸੁੱਖਰਾਜੂ, ਵਿਰਕ, ਕਾਲਾ ਗੁਰਾਇਆ, ਭੰਡਾਲ ਤੋਂ 3 ਨੰਬਰ ਸੂਆ ਪੈੜੂਵਾਲ, ਪੰਨਵਾਂ, ਪਿੰਡੀਆਂ, ਦਿਓਲ, ਸਰਾਵਾਂ ਤੇ ਕਲਾਨੌਰ ਦੀਆਂ ਜ਼ਮੀਨਾਂ ਨੂੰ ਨਹਿਰੀ ਪਾਣੀ ਮੁਹੱਈਆ ਕਰਵਾਉਣ ਲਈ ਨਿਰਮਾਣ ਹੋਇਆ ਹੈ | ਉਨ੍ਹਾਂ ਦੱਸਿਆ ਕਿ ਇਸ ਸੂਏ ਤੋਂ ਉਨ੍ਹਾਂ ਦੇ ਖੇਤਾਂ ਨੂੰ 10-15 ਸਾਲਾਂ ਤੋਂ ਪਾਣੀ ਨਸੀਬ ਨਹੀਂ ਹੋਇਆ, ਜਿਸ ਕਾਰਨ ਕਿਸਾਨ ਟਿਊਬਵੈੱਲ ਰਾਹੀਂ ਖੇਤੀਬਾੜੀ ਕਰ ਰਹੇ ਹਨ ਤੇ ਮਹਿੰਗੇ ਭਾਅ ਦੇ ਬੋਰ ਆਦਿ ਕਰਵਾ ਕੇ ਫਸਲਾਂ ਦੀ ਪਾਣੀ ਦੀ ਪੂਰਤੀ ਕਰਨ ਲਈ ਮਜਬੂਰ ਹਨ | ਉਨ੍ਹਾਂ ਕਿਹਾ ਕਿ ਨਹਿਰੀ ਪਾਣੀ ਫਸਲਾਂ ਲਈ ਖੁਰਾਕ ਵਜੋਂ ਕੰਮ ਕਰਦਾ ਹੈ ਅਤੇ ਸੈਂਕੜੇ ਏਕੜ ਜ਼ਮੀਨ ਨਹਿਰੀ ਪਾਣੀ 'ਤੇ ਨਿਰਭਰ ਕਰਦੀ ਸੀ ਜਦਕਿ ਹੁਣ ਲੰਮਾਂ ਸਮੇਂ ਤੋਂ ਪਾਣੀ ਖੇਤਾਂ ਤੱਕ ਨਹੀਂ ਪਹੁੰਚ ਰਿਹਾ | ਵੱਖ-ਵੱਖ ਪਿੰਡਾਂ ਦੇ ਕਿਸਾਨਾਂ ਜਸਵੰਤ ਸਿੰਘ ਬਾਜਵਾ, ਹਰਭਜਨ ਸਿੰਘ ਭਿੰਡਰ, ਗੁਰਮੁੱਖ ਸਿੰਘ, ਸੁਖਦੇਵ ਸਿੰਘ, ਬਲਵਿੰਦਰ ਸਿੰਘ, ਨਿਰਮਲ ਸਿੰਘ, ਪਰਮਜੀਤ ਸਿੰਘ, ਪਰਮਜੀਤ ਸਿੰਘ, ਝਿਰਮਲ ਸਿੰਘ, ਜੋਗਿੰਦਰ ਸਿੰਘ ਪੰਨਵਾਂ, ਕਮਲਪ੍ਰੀਤ ਸਿੰਘ ਆਦਿ ਨੇ ਦੱਸਿਆ ਕਿ ਪੰਨਵਾਂ, ਦਿਓਲ, ਪਿੰਡੀਆਂ ਦੇ ਕਿਸਾਨਾਂ ਦੇ ਖੇਤਾਂ ਤੱਕ ਵੀ ਅਜੇ ਤੱਕ ਨਹਿਰੀ ਪਾਣੀ ਨਹੀਂ ਪਹੁੰਚਿਆ | ਉਨ੍ਹਾਂ ਦੱਸਿਆ ਕਿ ਪਹਿਲਾਂ-ਪਹਿਲਾਂ ਪਾਣੀ ਸਮੇਂ ਸਿਰ ਪਹੁੰਚ ਜਾਂਦਾ ਸੀ ਜਦਕਿ ਹੁਣ ਪਾਣੀ ਨਾ ਪਹੁੰਚਣ ਕਾਰਨ ਕਿਸਾਨ ਮਜਬੂਰੀ ਵੱਸ ਬੋਰ ਕਰਵਾ ਰਹੇ ਹਨ | ਕਿਸਾਨਾਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਉਨ੍ਹਾਂ ਦੇ ਖੇਤ ਰੇਤਲੇ ਹਨ ਤੇ ਪਾਣੀ ਦੀ ਵੱਧ ਜ਼ਰੂਰਤ ਹੁੰਦੀ ਹੈ | ਕਿਸਾਨਾਂ ਦੀ ਸਹੂਲਤ ਲਈ ਤੁਰੰਤ ਪਾਣੀ ਟੇਲਾਂ ਤੱਕ ਪਹੁੰਚਾਉਣ ਲਈ ਪੈਰਵਾਈ ਅਮਲ 'ਚ ਲਿਆਂਦੀ ਜਾਵੇ |
ਪਿਛਲੀ ਖ਼ਬਰ ਝੋਨੇ ਦੀ ਫ਼ਸਲ 'ਚ ਸਿਫਾਰਸ਼ਸ਼ੁਦਾ ਖਾਦਾਂ ਦੀ ਹੀ ਵਰਤੋਂ ਕੀਤੀ ਜਾਵੇ-ਮੁੱਖ ਖੇਤੀਬਾੜੀ ਅਫਸਰ ਅਗਲੀ ਖ਼ਬਰ ਸਾਨੂੰ ਆਪਣੇ ਦੇਸ਼ ਦੇ ਸੈਨਿਕਾਂ ਤੋਂ ਦੇਸ਼ ਭਗਤੀ ਸਿੱਖਣੀ ਚਾਹੀਦੀ ਹੈ-ਐੱਸ.ਡੀ.ਐਮ. ਭੁੱਲਰ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।