ਬਟਾਲਾ, 20 ਜੂਨ (ਰਾਕੇਸ਼ ਰੇਖੀ)-ਜ਼ਿਲ੍ਹਾ ਗੁਰਦਾਸਪੁਰ ਵਿਚ ਖੁੰਭਾਂ ਵਾਂਗੂੰ ਪੈਦਾ ਹੋ ਰਹੀਆਂ ਨਾਜਾਇਜ਼ ਕਾਲੋਨੀਆਂ ਉਪਰ ਪ੍ਰਸ਼ਾਸਨ ਦੀ ਟੇਡੀ ਨਜ਼ਰ ਬਣੀ ਹੋਈ ਹੈ ਤੇ ਕਈ ਥਾਵਾਂ 'ਤੇ ਹੋਂਦ ਵਿਚ ਆ ਰਹੀਆਂ ਅਣ-ਅਧਿਕਾਰਤ ਕਾਲੋਨੀਆਂ 'ਤੇ ਪ੍ਰਸ਼ਾਸਨ ਦੀ ਜੇ. ਸੀ. ਬੀ. ਚੱਲ ਰਹੀ ਹੈ | ਪੰਜਾਬ ਦੇ ਪਾਪਰਾ ਐਕਟ 1995 ਦੀ ਉਲੰਘਣਾ ਕਰਨ ਦੇ ਤਹਿਤ ਪ੍ਰਸ਼ਾਸਨ ਵਲੋਂ ਬਟਾਲਾ ਨੇੜਲੇ ਪਿੰਡ ਜੈਤੋਸਰਜਾ ਵਿਚ ਇਕ ਅਣ-ਅਧਿਕਾਰਤ ਕਾਲੋਨੀ 'ਤੇ ਜੇ. ਸੀ. ਬੀ. ਚਲਾ ਕੇ ਉਥੇ ਕੀਤਾ ਗਿਆ ਨਿਰਮਾਣ ਹਟਾ ਦਿੱਤਾ ਗਿਆ | ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਦੇ ਦਿਸ਼ਾ-ਨਿਰਦੇਸ਼ 'ਤੇ ਕੀਤੀ ਗਈ ਇਸ ਪ੍ਰਸ਼ਾਸਨਿਕ ਕਾਰਵਾਈ ਵਿਚ ਡਿਊਟੀ ਮੈਜਿਸਟ੍ਰੇਟ ਕੁਲਵਿੰਦਰ ਸਿੰਘ, ਜ਼ਿਲ੍ਹਾ ਨਗਰ ਯੋਜਨਾਕਾਰ ਰੀਤਿਕਾ ਅਰੋੜਾ, ਸਹਾਇਕ ਨਗਰ ਯੋਜਨਾਕਾਰ ਪ੍ਰਭਜੋਤ ਸਿੰਘ, ਜੂਨੀਅਰ ਇੰਜੀਨੀਅਰ ਦਿਨੇਸ਼ ਕੁਮਾਰ ਅਤੇ ਜ਼ਿਲ੍ਹਾ ਰੈਗੂਲੇਟਰੀ ਟੀਮ ਸ਼ਾਮਿਲ ਸੀ | ਵਧੀਕ ਡਿਪਟੀ ਕਮਿਸ਼ਨਰ ਹਰਜਿੰਦਰ ਸਿੰਘ ਨੇ ਦੱਸਿਆ ਕਿ ਪਾਪਰਾ ਐਕਟ 1995 ਦੀ ਉਲੰਘਣਾ ਕਰਦੇ ਹੋਏ ਜੈਤੋਸਰਜਾ ਵਿਚ ਹੋਂਦ 'ਚ ਲਿਆਂਦੀ ਗਈ ਅਣ-ਅਧਿਕਾਰਤ ਕਾਲੋਨੀ ਨੂੰ ਢਾਹ ਦਿੱਤਾ ਗਿਆ ਹੈ | ਉਨ੍ਹਾਂ ਕਿਹਾ ਕਿ ਭਵਿੱਖ ਦੇ ਵਿਕਾਸ ਨੂੰ ਨਿਯੰਤਰਨ ਕਰਨ ਲਈ ਸਰਕਾਰ ਦੀਆਂ ਹਦਾਇਤਾਂ ਅਨੁਸਾਰ ਇਹ ਕਾਰਵਾਈ ਕੀਤੀ ਗਈ ਹੈ | ਇਸ ਤੋਂ ਪਹਿਲਾਂ ਕਾਲੋਨੀ ਦੇ ਮਾਲਕਾਂ ਨੂੰ ਨੋਟਿਸ ਜਾਰੀ ਕੀਤੇ ਗਏ ਸਨ ਪਰ ਕਾਲੋਨੀ ਮਾਲਕਾਂ ਵਲੋਂ ਸਰਕਾਰ ਦੀਆਂ ਹਦਾਇਤਾਂ ਦੀ ਪ੍ਰਵਾਹ ਨਾ ਕਰ ਕੇ ਸਰਕਾਰੀ ਨਿਯਮਾਂ ਦੀਆਂ ਧੱਜੀਆਂ ਉਡਾਈਆਂ ਜਾ ਰਹੀਆਂ ਹਨ | ਅਣ-ਅਧਿਕਾਰਤ ਕਾਲੋਨੀਆਂ ਕੱਟਣ ਵਾਲਿਆਂ ਵਿਰੁੱਧ ਪਾਪਰਾ ਐਕਟ 1995 ਦੀ ਸੋਧ 2024 ਅਨੁਸਾਰ 5 ਤੋਂ 10 ਸਾਲ ਦੀ ਕੈਦ ਅਤੇ 25 ਲੱਖ ਤੋਂ 5 ਕਰੋੜ ਤੱਕ ਦਾ ਜੁਰਮਾਨਾ ਕੀਤਾ ਜਾ ਸਕਦਾ ਹੈ | ਰੈਗੂਲੇਟਰੀ ਵਿੰਗ ਵਲੋਂ ਸਮੇਂ-ਸਮੇਂ 'ਤੇ ਜ਼ਿਲ੍ਹਾ ਗੁਰਦਾਸਪੁਰ ਅੰਦਰ ਪਣਪ ਰਹੀਆਂ ਅਜਿਹੀਆਂ ਕਾਲੋਨੀਆਂ 'ਤੇ ਨਜ਼ਰ ਰੱਖੀ ਜਾ ਰਹੀ ਹੈ | ਨੋਟਿਸ ਜਾਰੀ ਕਰ ਕੇ ਸਬੰਧਤ ਥਾਣਾ ਪੁਲਿਸ ਨੂੰ ਕਾਰਵਾਈ ਕਰਨ ਲਈ ਹਦਾਇਤਾਂ ਦਿੱਤੀਆਂ ਗਈਆਂ ਹਨ |