ਊਧਨਵਾਲ/ਹਰਚੋਵਾਲ, 21 ਜੂਨ (ਪਰਗਟ ਸਿੰਘ, ਢਿੱਲੋਂ)-ਪਿੰਡ ਖੁਜਾਲਾ ਵਿਚ ਸੀਨੀਅਰ ਕਾਂਗਰਸੀ ਆਗੂ ਤੇ ਸਾਬਕਾ ਸਰਪੰਚ ਮੰਗਲ ਸਿੰਘ ਦੇ ਗ੍ਰਹਿ ਵਿਖੇ ਪਿ੍ੰਸੀਪਲ ਸੁਲੱਖਣ ਸਿੰਘ ਐਸ. ਸੀ. ਵਿੰਗ ਪੰਜਾਬ ਦੇ ਉਪ-ਚੇਅਰਮੈਨ ਦੀ ਅਗਵਾਈ ਵਿਚ ਕਾਂਗਰਸੀ ਵਰਕਰਾਂ ਦੀ ਭਰਵੀਂ ਮੀਟਿੰਗ ਹੋਈ ਜਿਸ ਵਿਚ ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਵਿਸ਼ੇਸ਼ ਤੌਰ 'ਤੇ ਪਹੁੰਚੇ | ਮੀਟਿੰਗ ਨੂੰ ਸੰਬੋਧਨ ਕਰਦਿਆਂ ਸ: ਪ੍ਰਤਾਪ ਸਿੰਘ ਬਾਜਵਾ ਨੇ ਕਿਹਾ ਕਿ ਪੰਜਾਬ ਦੀ ਜਨਤਾ ਦਾ ਆਪ ਸਰਕਾਰ ਤੋਂ ਮੋਹ ਭੰਗ ਹੋ ਚੁੱਕਾ ਹੈ | ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਪੰਜਾਬ ਨੂੰ ਕਰਜ਼ੇ ਹੇਠ ਲਿਆ ਕੇ ਕੰਗਾਲੀ ਦੀ ਰਾਹ 'ਤੇ ਖੜਾ ਕਰ ਦਿੱਤਾ ਹੈ ਤੇ ਲੋਕਾਂ ਦਾ ਵਿਕਾਸ ਕਰਨ ਦੀ ਬਜਾਏ ਆਪਣੇ ਵਿਧਾਇਕਾਂ ਨੂੰ ਕਮਾਊ ਪੁੱਤ ਬਣਾਉਣ ਵਿਚ ਪਹਿਲ ਕਦਮੀ ਕੀਤੀ ਹੈ | ਉਨ੍ਹਾਂ ਕਿਹਾ ਕਿ ਆਪ ਦੀ ਸਰਕਾਰ ਨੇ ਹਮੇਸ਼ਾ ਆਪਣੇ ਚਹੇਤੇ ਸ਼ਾਹੂਕਾਰਾਂ ਨੂੰ ਉੱਪਰ ਚੁੱਕਿਆ | ਉਨ੍ਹਾਂ ਕਿਹਾ ਕਿ ਕਿਸਾਨਾਂ ਦਾ ਖੰਡ ਮਿੱਲਾਂ ਦਾ ਪੈਸਾ ਅਜੇ ਬਕਾਇਆ ਪਿਆ ਹੈ, ਜਿਸ ਵੱਲ ਭਗਵੰਤ ਮਾਨ ਦੀ ਸਰਕਾਰ ਦਾ ਕੋਈ ਖਿਆਲ ਨਹੀਂ ਹੈ, ਜੇਕਰ ਖਿਆਲ ਕੀਤਾ ਵੀ ਹੈ ਤਾਂ ਸਹਿਕਾਰੀ ਖੰਡ ਮਿੱਲਾਂ ਨੂੰ ਅਣਗੌਲਿਆਂ ਕਰ ਕੇ ਨਿੱਜੀ ਸੈਕਟਰ ਦੀਆਂ ਮਿੱਲਾਂ ਨੂੰ ਪੈਸੇ ਦੀ ਰਕਮ ਪਹਿਲ ਦੇ ਆਧਾਰ 'ਤੇ ਅਦਾ ਕੀਤੀ ਗਈ ਹੈ | ਦੂਜੇ ਪਾਸੇ ਅਮਨ-ਕਾਨੂੰਨ ਦਾ ਤਾਂ ਬਹੁਤ ਹੀ ਮਾੜਾ ਹਾਲ ਹੋ ਚੁੱਕਾ ਹੈ ਆਏ ਦਿਨ ਕਿਤੇ ਨਾ ਕਿਤੇ ਡਕੈਤੀਆਂ, ਕਤਲ, ਦਿਨ-ਦਿਹਾੜੇ ਲੁੱਟਾਂ-ਖੋਹਾਂ ਸ਼ਰੇਆਮ ਹੋ ਰਹੀਆਂ ਹਨ ਪਰ ਮੁੱਖ ਮੰਤਰੀ ਪੰਜਾਬ ਕੋਲ ਲੋਕਾਂ ਦੀ ਦੇਖਭਾਲ ਲਈ ਸਮਾਂ ਹੀ ਨਹੀਂ ਹੈ | ਉਨ੍ਹਾਂ ਨੇ ਕਿਸਾਨਾਂ ਨੂੰ ਕਿਹਾ ਕਿ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਪ ਦੀ ਸਰਕਾਰ ਦਾ ਭੋਗ ਪਾ ਦਿਓ, ਫਿਰ ਤੁਹਾਡੀਆਂ ਸਾਰੀਆਂ ਮੁਸ਼ਕਿਲਾਂ ਹੱਲ ਕਰ ਦਿੱਤੀਆਂ ਜਾਣਗੀਆਂ | ਸੀਨੀਅਰ ਕਾਂਗਰਸੀ ਆਗੂ ਮੰਗਲ ਸਿੰਘ ਨੇ ਵਿਰੋਧੀ ਧਿਰ ਆਗੂ ਪ੍ਰਤਾਪ ਸਿੰਘ ਬਾਜਵਾ ਦਾ ਧੰਨਵਾਦ ਕੀਤਾ | ਇਸ ਮੌਕੇ ਸਾਬਕਾ ਚੇਅਰਮੈਨ ਬਲਵਿੰਦਰ ਸਿੰਘ ਨਾਭਾ, ਸਵਾਮੀਪਾਲ ਖੋਸਲਾ ਸਾਬਕਾ ਚੇਅਰਮੈਨ, ਪੀਏ ਰਾਜਦੇਵ ਸਿੰਘ ਚੌਧਰੀਵਾਲ, ਸਾਬਕਾ ਸਰਪੰਚ ਗੁਰਨਾਮ ਸਿੰਘ ਸੰਧਵਾਂ, ਸਾਬਕਾ ਸਰਪੰਚ ਜਸਵੰਤ ਸਿੰਘ ਜੋਤੀ, ਜ਼ਿਲ੍ਹਾ ਮੀਤ ਪ੍ਰਧਾਨ ਜਗੀਰ ਸਿੰਘ ਅੱਤੇਪੁਰ, ਹਰਦੀਪ ਸਿੰਘ ਉਦੋਵਾਲ, ਪੰਚਾਇਤ ਮੈਂਬਰ ਗੁਰਦਿਆਲ ਸਿੰਘ ਮਨੇਸ, ਕਾਂਗਰਸੀ ਆਗੂ ਬਲਕਾਰ ਸਿੰਘ ਦਕੋਹਾ, ਸਾਬਕਾ ਸਰਪੰਚ ਰਛਪਾਲ ਸਿੰਘ ਅੱਤੇਪੁਰ, ਨੰਬਰਦਾਰ ਸਤਿੰਦਰ ਸਿੰਘ ਰੰਗੜ ਨੰਗਲ, ਬਲਜਿੰਦਰ ਸਿੰਘ ਚੌਧਰੀਵਾਲ, ਲਖਵਿੰਦਰ ਸਿੰਘ ਚੌਧਰੀਵਾਲ, ਗੁਰਮੀਤ ਸਿੰਘ, ਸਿਕੰਦਰ ਸਿੰਘ, ਕੁਲਜੀਤ ਸਿੰਘ, ਹਰਵਿੰਦਰ ਸਿੰਘ ਪੰਨੂ, ਸੁਖਵੰਤ ਸਿੰਘ, ਬਲਜੀਤ ਸਿੰਘ, ਗੁਰਦਿਆਲ ਸਿੰਘ, ਅਮਰਜੀਤ ਸਿੰਘ, ਰਵੇਲ ਸਿੰਘ, ਡਾਕਟਰ ਮਿੰਟਾ ਢਪੱਈ, ਕੁਲਵਿੰਦਰ ਸਿੰਘ ਢਪੱਈ, ਲਖਵਿੰਦਰ ਸਿੰਘ ਢਪੱਈ, ਜਗਪਾਲ ਸਿੰਘ ਜੱਗਾ, ਸਾਬਕਾ ਸਰਪੰਚ ਰਛਪਾਲ ਸਿੰਘ ਆਦਿ ਹਾਜ਼ਰ ਸਨ |