ਅੱਚਲ ਸਾਹਿਬ, 21 ਜੂਨ (ਗੁਰਚਰਨ ਸਿੰਘ)-ਅੰਤਰਰਾਸ਼ਟਰੀ ਗਤਕਾ ਦਿਵਸ ਪਿੰਡ ਰੰਗੜ ਨੰਗਲ ਵਿਖੇ ਜ਼ਿਲ੍ਹਾ ਪੱਧਰ 'ਤੇ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਜ਼ਿਲ੍ਹਾ ਪ੍ਰਧਾਨ ਸ: ਗੁਰਬਚਨ ਸਿੰਘ ਪਵਾਰ ਦੀ ਅਗਵਾਈ ਹੇਠ ਉਤਸ਼ਾਹ ਨਾਲ ਮਨਾਇਆ ਗਿਆ | ਇਸ ਮੌਕੇ ਕਥਾਵਾਚਕ ਵਲੋਂ ਕਥਾ ਵਿਚਾਰਾਂ ਕੀਤੀਆਂ ਗਈਆਂ ਉਪਰੰਤ ਬਾਬਾ ਰਾਮ ਥੰਮਣ ਸਾਹਿਬ ਜੀ ਗੱਤਕਾ ਅਖਾੜਾ ਦੇ ਉਸਤਾਦ ਭਾਈ ਜਸਬੀਰ ਸਿੰਘ, ਭਾਈ ਦਲਜੀਤ ਸਿੰਘ ਦੇ ਜਥੇ ਵਲੋਂ ਅਰਦਾਸ ਬੇਨਤੀ ਕਰ ਕੇ ਗੱਤਕੇ ਦੀ ਸ਼ੁਰੂਆਤ ਕੀਤੀ ਗਈ ਉਪਰੰਤ ਜਥੇ ਦੇ ਨੌਜਵਾਨਾਂ ਵਲੋਂ ਗੱਤਕੇ ਦੇ ਜੌਹਰ ਦਿਖਾਏ ਗਏ | ਇਸ ਮੌਕੇ ਵਿਸ਼ੇਸ਼ ਤੌਰ 'ਤੇ ਪਹੁੰਚੇ ਜ਼ਿਲ੍ਹਾ ਪ੍ਰਧਾਨ ਸ: ਗੁਰਬਚਨ ਸਿੰਘ ਪਵਾਰ ਨੇ ਸੰਗਤਾਂ ਨਾਲ ਵਿਚਾਰ ਸਾਂਝੇ ਕਰਦਿਆਂ ਕਿਹਾ ਕਿ ਸਮੇਂ ਦੀਆਂ ਸਰਕਾਰਾਂ ਹਮੇਸ਼ਾ ਸਿੱਖ ਕੌਮ ਨੂੰ ਦਬਾਉਣ ਤੇ ਇਤਿਹਾਸ ਤੋਂ ਲਾਂਭੇ ਕਰਨ ਲਈ ਕਈ ਤਰ੍ਹਾਂ ਦੇ ਹੱਥਕੰਡੇ ਵਰਤਦੀਆਂ ਆ ਰਹੀਆਂ ਹਨ | ਇਸੇ ਹੀ ਤਰ੍ਹਾਂ ਸਮੇਂ ਦੀ ਭਾਜਪਾ ਸਰਕਾਰ ਵਲੋਂ ਵੀ 21 ਜੂਨ ਨੂੰ ਯੋਗਾ ਦਿਵਸ ਮਨਾਇਆ ਜਾਂਦਾ ਹੈ ਜੋ ਕਿ ਸਿੱਖਾਂ ਨੂੰ ਪ੍ਰਵਾਨ ਨਹੀਂ, ਕਿਉਂਕਿ ਕਿ ਸਾਡੇ ਗੁਰੂ ਸਹਿਬਾਨਾਂ ਨੇ ਆਪਣੀ ਰੱਖਿਆ ਕਰਨ ਅਤੇ ਸਰੀਰਕ ਤੰਦਰੁਸਤੀ ਲਈ ਸਿੱਖਾਂ ਨੂੰ ਸ਼ਾਸਤਰਾਂ ਦੇ ਧਾਰਨੀ ਹੋ ਕੇ ਗੱਤਕਾ, ਘੋੜ ਸਵਾਰੀ, ਨੇਜੇਬਾਜ਼ੀ ਆਦਿ ਪ੍ਰੰਪਰਾ ਵਿਚ ਪਰਪੱਕ ਰਹਿਣ ਲਈ ਉਪਦੇਸ਼ ਦਿੱਤੇ ਸਨ | ਗੁਰੂ ਸਾਹਿਬਾਨਾਂ ਦੇ ਦਿੱਤੇ ਗਏ ਸੰਦੇਸ਼ ਅਨੁਸਾਰ ਸ਼੍ਰੋਮਣੀ ਅਕਾਲੀ ਦਲ ਮਾਨ ਦੇ ਪ੍ਰਧਾਨ ਸ: ਸਿਮਰਨਜੀਤ ਸਿੰਘ ਮਾਨ ਵਲੋਂ 21 ਜੂਨ ਨੂੰ ਅੰਤਰਰਾਸ਼ਟਰੀ ਗਤਕਾ ਦਿਵਸ ਮਨਾਉਣ ਦਾ ਜੋ ਫੈਸਲਾ ਲਿਆ ਗਿਆ ਸੀ, ਉਸੇ ਤਹਿਤ ਅੱਜ ਦੇਸ਼-ਵਿਦੇਸ਼ਾਂ ਵਿਚ ਗੱਤਕਾ ਦਿਵਸ ਮਨਾਇਆ ਜਾ ਰਿਹਾ ਹੈ ਤੇ ਪਿੰਡ ਰੰਗੜ ਨੰਗਲ ਵਿਖੇ ਵੀ ਸੰਗਤਾਂ ਦੇ ਸਹਿਯੋਗ ਨਾਲ ਅੰਤਰਰਾਸ਼ਟਰੀ ਗਤਕਾ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਅੰਤ ਵਿਚ ਸ: ਪਵਾਰ ਨੇ ਗੱਤਕਾ ਪਾਰਟੀਆਂ ਤੇ ਹੋਰ ਧਾਰਮਿਕ ਸ਼ਖ਼ਸੀਅਤਾਂ ਨੂੰ ਸਿਰੋਪਾਓ ਦੇ ਕੇ ਸਨਮਾਨਿਤ ਕੀਤਾ | ਇਸ ਮੌਕੇ ਮੁੱਖ ਬੁਲਾਰੇ ਭਾਈ ਲਾਲ ਸਿੰਘ, ਅਨੋਖ ਸਿੰਘ, ਜਥੇਬੰਦਕ ਸਕੱਤਰ ਬਲਜਿੰਦਰ ਸਿੰਘ, ਜਗਤਾਰ ਸਿੰਘ, ਬਲਜੀਤ ਸਿੰਘ ਅੰਮੀਪੁਰ, ਸਰਕਲ ਪ੍ਰਧਾਨ ਪਲਵਿੰਦਰ ਸਿੰਘ, ਗੁਰਭੇਜ ਸਿੰਘ, ਜਰਮਨਜੀਤ ਸਿੰਘ, ਰੇਸ਼ਮ ਸਿੰਘ, ਕਵਲਦੀਪ ਸਿੰਘ, ਜਸਬੀਰ ਸਿੰਘ, ਗੁਰਦਿਆਲ ਸਿੰਘ, ਕਰਮ ਸਿੰਘ, ਦਿਲਬਾਗ ਸਿੰਘ, ਸਰਕਲ ਪ੍ਰਧਾਨ ਬਲਜਿੰਦਰ ਸਿੰਘ ਨੱਤ ਸਮੇਤ ਸ਼੍ਰੋਮਣੀ ਅਕਾਲੀ ਦਲ ਅੰਮਿ੍ਤਸਰ ਦੇ ਵਰਕਰ ਤੇ ਸੰਗਤਾਂ ਹਾਜ਼ਰ ਸਨ |