ਜਲੰਧਰ, 22 ਜੂਨ (ਅ.ਬ.)-ਸੈਂਟਰਲ ਆਰਮਡ ਪੁਲਿਸ ਫੋਰਸਿਜ਼ ਦੇ ਜਵਾਨਾਂ ਦੀ ਭਲਾਈ ਲਈ ਕੰਮ ਕਰ ਰਹੀ ਐਕਸ ਸੈਂਟਰਲ ਆਰਡਮ ਪੁਲਿਸ ਫੋਰਸ ਪਰਸੋਨਲ ਵੈੱਲਫੇਅਰ ਐਸੋਸੀਏਸ਼ਨ ਪੰਜਾਬ ਵਲੋਂ ਅੱਜ ਅੰਤਰਰਾਸ਼ਟਰੀ ਯੋਗ ਦਿਵਸ ਮੌਕੇ ਇਕ ਵਿਸ਼ੇਸ਼ ਯੋਗ ਕੈਂਪ ਦਾ ਆਯੋਜਨ ਜਲੰਧਰ ਵਿਖੇ ਪੀ.ਐਸ. ਸੰਧੂ ਪ੍ਰਧਾਨ ਦੀ ਨਿਗਰਾਨੀ ਹੇਠ ਕੀਤਾ ਗਿਆ | ਲਗਭਗ 60 ਸੇਵਾ ਮੁਕਤ ਸੀ.ਏ.ਪੀ.ਐਫ. ਜਵਾਨਾਂ ਨੇ ਆਪਣੀ ਸਰੀਰਕ, ਮਾਨਸਿਕ ਅਤੇ ਅਧਿਆਤਮਿਕ ਤੰਦਰੁਸਤੀ ਨੂੰ ਉਤਸ਼ਾਹਿਤ ਕਰਨ ਲਈ ਯੋਗਾ ਸੈਸ਼ਨ ਵਿਚ ਹਿੱਸਾ ਲਿਆ | ਸੰਧੂ ਨੇ ਸੇਵਾਮੁਕਤ ਜਵਾਨਾਂ ਨੂੰ ਆਧੁਨਿਕ ਸਮੇਂ ਵਿਚ ਯੋਗ ਦੀ ਮਹੱਤਤਾ ਬਾਰੇ ਜਾਣੂ ਕਰਵਾਇਆ ਅਤੇ ਯੋਗ ਨੂੰ ਆਪਣੇ ਜੀਵਨ ਦਾ ਅਨਿੱਖੜਵਾਂ ਅੰਗ ਬਣਾਉਣ ਦੀ ਅਪੀਲ ਵੀ ਕੀਤੀ | ਉਨ੍ਹਾਂ ਕਿਹਾ ਕਿ ਯੋਗ ਉਨ੍ਹਾਂ ਸਾਬਕਾ ਸੈਨਿਕਾਂ ਲਈ ਬਹੁਤ ਲਾਭਦਾਇਕ ਪਾਇਆ ਗਿਆ ਹੈ ਜੋ ਡਿਪਰੈਸ਼ਨ ਅਤੇ ਪੋਸਟ ਟਰਾਮੈਟਿਕ ਤਣਾਅ ਵਿਕਾਰ ਤੋਂ ਪੀੜਤ ਹਨ | ਇਸ ਮੌਕੇ ਪੀ.ਐਸ. ਸੰਧੂ ਨੇ ਸੇਵਾਮੁਕਤ ਸੀ.ਏ.ਪੀ.ਐਫ. ਕਰਮਚਾਰੀਆਂ ਨੂੰ ਸਿੰਗਲ ਯੂਜ਼ ਪਲਾਸਟਿਕ ਦੀ ਵਰਤੋਂ ਨੂੰ ਰੋਕਣ ਲਈ ਜ਼ੋਰ ਦਿੱਤਾ, ਜੋ ਸਾਡੇ ਵਾਤਾਵਰਨ ਨੂੰ ਮਾੜਾ ਪ੍ਰਭਾਵ ਪਾਉਂਦਾ ਹੈ | ਉਨ੍ਹਾਂ ਸੇਵਾ ਮੁਕਤ ਸੀ.ਏ.ਪੀ.ਐਫ. ਜਵਾਨਾਂ ਨੂੰ ਅਪੀਲ ਕੀਤੀ ਕਿ ਉਹ ਆਲੇ-ਦੁਆਲੇ ਦੇ ਖੇਤਰ ਨੂੰ ਸਾਫ ਰੱਖਣ | ਇਸ ਮੌਕੇ ਹੋਰਨਾਂ ਤੋਂ ਇਲਾਵਾ ਇੰਸਪੈਕਟਰ (ਸੇਵਾ ਮੁਕਤ) ਪਰਮਜੀਤ ਸਿੰਘ, ਸਬ ਇੰਸਪੈਕਟਰ (ਸੇਵਾ ਮੁਕਤ) ਬਲਵਿੰਦਰ ਸਿੰਘ ਮਾਂਗਟ, ਏ.ਐਸ.ਆਈ. (ਸੇਵਾ ਮੁਕਤ) ਉਂਕਾਰ ਸਿੰਘ ਅਤੇ ਹੈੱਡ ਕਾਂਸਟੇਬਲ (ਸੇਵਾ ਮੁਕਤ) ਜਸਵਿੰਦਰ ਕੁਮਾਰ ਵੀ ਹਾਜ਼ਰ ਸਨ |