ਕਾਦੀਆਂ, 22 ਜੂਨ (ਕੁਲਵਿੰਦਰ ਸਿੰਘ)-ਪੀ. ਐੱਸ. ਈ. ਬੀ. ਇੰਪਲਾਈਜ਼ ਫ਼ੈਡਰੇਸ਼ਨ ਏਟਕ ਸਰਕਲ ਗੁਰਦਾਸਪੁਰ ਜਨਰਲ ਕੌਂਸਲ ਦੀ ਮੀਟਿੰਗ ਸਰਕਲ ਪ੍ਰਧਾਨ ਕਾਮਰੇਡ ਬਲਵਿੰਦਰ ਉਦੀਪੁਰ ਦੀ ਪ੍ਰਧਾਨਗੀ ਹੇਠ ਕਾਦੀਆਂ ਮੰਡਲ ਵਿਖੇ ਹੋਈ ਜਿਸ ਵਿਚ ਫ਼ੀਲਡ ਵਿਚ ਕੰਮ ਕਰਦੇ ਕਰਮਚਾਰੀਆਂ ਨੂੰ ਆ ਰਹੀਆਂ ਮੁਸ਼ਕਿਲਾਂ ਅਤੇ ਪਾਵਰਕਾਮ ਪ੍ਰਬੰਧਕਾਂ ਵਲੋਂ ਬਿਜਲੀ ਕਾਮਿਆਂ ਦੀਆਂ ਮੰਗਾਂ ਸੰਬੰਧੀ ਧਾਰਨ ਕੀਤੀ ਟਾਲ-ਮਟੋਲ ਦੀ ਨੀਤੀ 'ਤੇ ਰੋਸ ਜ਼ਾਹਿਰ ਕਰਦਿਆਂ ਵਿਚਾਰ-ਚਰਚਾ ਕੀਤੀ ਗਈ | ਸਾਥੀ ਉਦੀਪੁਰ ਨੇ ਮੀਟਿੰਗ ਵਿਚ ਦੱਸਿਆ ਗਿਆ ਕਿ ਮਹਿਕਮੇ ਅੰਦਰ ਕਰਮਚਾਰੀਆਂ ਦੀ ਗਿਣਤੀ ਬਹੁਤ ਘਟਦੀ ਜਾ ਰਹੀ ਹੈ ਅਤੇ ਕੰਮ ਦਾ ਬੋਝ ਵੱਧਦਾ ਜਾ ਰਿਹਾ ਹੈ | ਵਰਕਰਾਂ ਨੂੰ ਡਿਊਟੀ ਤੋਂ ਵੱਧ ਕੰਮ ਕਰਨਾ ਪੈ ਰਿਹਾ ਹੈ ਅਤੇ ਫ਼ੀਲਡ ਵਿਚ ਕੰਮ ਕਰਦੇ ਕਰਮਚਾਰੀ ਘਾਤਕ ਹਾਦਸਿਆਂ ਦਾ ਸ਼ਿਕਾਰ ਹੋ ਰਹੇ ਹਨ ਤੇ ਪਾਵਰਕਾਮ ਅੰਦਰ ਮੌਤਾਂ ਦੀ ਦਰ ਤੇਜ਼ੀ ਨਾਲ ਵਧ ਰਹੀ ਹੈ, ਜਿਹੜਾ ਕਿ ਚਿੰਤਾ ਦਾ ਵਿਸ਼ਾ ਹੈ | ਕੇਂਦਰ ਦੀਆਂ 10 ਟ੍ਰੇਡ ਯੂਨੀਅਨਾਂ ਵਲੋਂ 9 ਜੁਲਾਈ ਨੂੰ ਕੇਂਦਰ ਸਰਕਾਰ ਦੀਆਂ ਲੋਕ ਵਿਰੋਧੀ ਨੀਤੀਆਂ ਖ਼ਿਲਾਫ਼ ਦੇਸ਼ ਭਰ ਵਿਚ ਕੀਤੀ ਜਾ ਰਹੀ ਹੜਤਾਲ ਨੂੰ ਸਫ਼ਲ ਬਣਾਉਣ ਲਈ ਲਾਮਬੰਦੀ ਸ਼ੁਰੂ ਕੀਤੀ ਜਾਵੇਗੀ | ਇਸ ਮੌਕੇ ਪਿਆਰਾ ਸਿੰਘ ਭਾਮੜੀ, ਸਾਹਿਬ ਸਿੰਘ ਧਾਲੀਵਾਲ, ਰਾਮ ਲੁਭਾਇਆ, ਦਲਜੀਤ ਸਿੰਘ ਸਿੱਧਵਾਂ, ਰਛਪਾਲ ਸਿੰਘ, ਯਾਦਵਿੰਦਰ ਸਿੰਘ, ਗੁਰਵਿੰਦਰ ਸਿੰਘ, ਪਰਮਜੀਤ ਸਿੰਘ, ਗੁਰਪਾਲ ਸਿੰਘ, ਹਰਪ੍ਰੀਤ ਸਿੰਘ, ਰਕੇਸ਼ ਕੁਮਾਰ ਆਦਿ ਆਗੂ ਹਾਜ਼ਰ ਸਨ |