ਗੁਰਦਾਸਪੁਰ, 22 ਜੂਨ (ਅਸ਼ੋਕ ਸ਼ਰਮਾ)-ਪੰਜਾਬ ਹੈਲਥ ਸਿਸਟਮਜ਼ ਕਾਰਪੋਰੇਸ਼ਨ ਦੇ ਚੇਅਰਮੈਨ ਰਮਨ ਬਹਿਲ ਦੇ ਅਹਿਮ ਯਤਨਾਂ ਸਦਕਾ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੇ ਦਿਹਾਤੀ ਖੇਤਰ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਲਈ 12.79 ਕਰੋੜ ਰੁਪਏ ਜਾਰੀ ਕਰ ਦਿੱਤੇ ਹਨ | ਇਸ ਨਾਲ ਪਿੰਡਾਂ ਦੀਆਂ 62.42 ਕਿੱਲੋਮੀਟਰ ਲੰਮੀਆਂ ਸੰਪਰਕ ਸੜਕਾਂ ਦੀ ਮੁਰੰਮਤ ਜਲਦ ਪਹਿਲ ਦੇ ਆਧਾਰ 'ਤੇ ਹੋਵੇਗੀ | ਰਮਨ ਬਹਿਲ ਨੇ ਹਲਕਾ ਵਾਸੀਆਂ ਨਾਲ ਖੁਸ਼ੀ ਦਾ ਇਜ਼ਹਾਰ ਕਰਦੇ ਹੋਏ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵਲੋਂ ਵਿਧਾਨ ਸਭਾ ਹਲਕਾ ਗੁਰਦਾਸਪੁਰ ਦੀਆਂ 62.42 ਕਿੱਲੋਮੀਟਰ ਲੰਮੀਆਂ ਸੜਕਾਂ ਦੀ ਮੁਰੰਮਤ ਲਈ 12.79 ਕਰੋੜ ਜਾਰੀ ਕੀਤੇ ਹਨ | ਇਨ੍ਹਾਂ ਦੇ ਟੈਂਡਰ 19 ਜੂਨ ਨੰੂ ਖੋਲ ਦਿੱਤੇ ਗਏ ਹਨ | ਉਨ੍ਹਾਂ ਦੱਸਿਆ ਕਿ ਅਗਲੇ 10 ਦਿਨਾਂ ਅੰਦਰ ਪੇਂਡੂ ਸੜਕਾਂ ਦੀ ਮੁਰੰਮਤ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਕਰ ਦਿੱਤਾ ਜਾਵੇਗਾ | ਉਨ੍ਹਾਂ ਦੱਸਿਆ ਕਿ ਸੰਪਰਕ ਸੜਕਾਂ ਵਿਚ ਹਰਦਾਨ, ਜੀਵਨਵਾਲ, ਮੰਗਲ ਸੈਨ, ਹਯਾਤਨਗਰ, ਪੀਰਾਂ ਬਾਗ, ਗਜਨੀਪੁਰ, ਤੱਤਲੇ, ਝਾਵਰ, ਕੱਤੋਵਾਲ, ਤਲਵੰਡੀ ਵਿਰਕ, ਬੱਬੇਹਾਲੀ, ਔਜਲਾ, ਸਰਾਵਨ, ਭੁੱਲੇਚੱਕ, ਹੇਮਪੁਰ, ਤਿੱਬੜ, ਕਾਲਾ ਨੰਗਲੀ, ਹਰੀਜਨ ਬਸਤੀ, ਭੋਪਰ ਸੈਦਾਂ, ਲੋਲੇਨੰਗਲ, ਮੀਰਪੁਰ ਅਤੇ ਸੈਨਪੁਰ ਬੰਨਣੀਆਂ ਸ਼ੁਰੂ ਹੋ ਜਾਣਗੀਆਂ | ਉਨ੍ਹਾਂ ਦੱਸਿਆ ਕਿ ਪੰਜਾਬ ਸਰਕਾਰ ਨੇ ਸੜਕਾਂ ਦੀ ਮੁਰੰਮਤ ਵਿਚ ਪਾਰਦਰਸ਼ਤਾ ਤੇ ਜਵਾਬਦੇਹੀ ਨੰੂ ਲਿਆਉਣ ਲਈ ਟੈਂਡਰਾਂ ਵਿਚ ਇਕ ਨਵੀਂ ਮੱਦ ਜੋੜੀ ਹੈ | ਜਿਸ ਤਹਿਤ ਜੋ ਠੇਕੇਦਾਰ ਸੜਕ ਦੀ ਉਸਾਰੀ ਕਰਵਾਏਗਾ ਉਹ ਪੰਜ ਸਾਲਾਂ ਲਈ ਸੜਕਾਂ ਦੀ ਮੁਰੰਮਤ ਦਾ ਜ਼ਿੰਮੇਵਾਰ ਹੋਵੇਗਾ ਅਤੇ ਬਣੀ ਹੋਈ ਸੜਕ ਸਮੇਂ ਤੋਂ ਪਹਿਲਾਂ ਟੁੱਟ ਜਾਂਦੀ ਹੈ ਤਾਂ ਸੜਕ ਦੀ ਮੁਰੰਮਤ ਠੇਕੇਦਾਰ ਖੁਦ ਕਰੇਗਾ | ਉਨ੍ਹਾਂ ਦੱਸਿਆ ਕਿ ਪਿਛਲੀਆਂ ਸਰਕਾਰਾਂ ਵਿਚ ਟੈਂਡਰਾਂ ਵਿਚ ਰਾਜਨੀਤੀ ਦਾ ਦਖ਼ਲ ਹੁੰਦਾ ਸੀ | ਪਰ ਮਾਨ ਸਰਕਾਰ ਨੇ ਸਾਰੇ ਢਾਂਚੇ ਨੰੂ ਪਾਰਦਰਸ਼ੀ ਵਿਚ ਤਬਦੀਲ ਕਰ ਦਿੱਤਾ ਹੈ | ਬਹਿਲ ਨੇ ਕਿਹਾ ਕਿ ਇਹ ਸੰਪਰਕ ਸੜਕਾਂ ਬਣਨ ਨਾਲ ਹਲਕਾ ਵਾਸੀਆਂ ਨੰੂ ਲੰਮੇ ਸਮੇਂ ਤੋਂ ਲਟਕੀ ਮੰਗ ਪ੍ਰਵਾਨ ਹੋਵੇਗੀ ਅਤੇ ਪਿਛਲੀਆ ਸਰਕਾਰਾਂ ਦੇ ਆਗੂਆਂ ਵਲੋਂ ਲੋਕਾਂ ਦੀ ਇਸ ਜਾਇਜ਼ ਮੰਗ ਵੱਲ ਕਦੇ ਵੀ ਕੋਈ ਵੀ ਧਿਆਨ ਨਹੀਂ ਦਿੱਤਾ ਗਿਆ ਸੀ | ਇਸ ਨਾਲ ਜਨਤਾ ਨੰੂ ਕਾਫ਼ੀ ਮੁਸ਼ਕਿਲਾਂ ਪੇਸ਼ ਆਉਣੀਆਂ ਸਨ | ਜਦੋਂ ਕਿ ਕਿਸਾਨਾਂ ਨੰੂ ਆਪਣੀਆ ਫਸਲਾਂ ਮੰਡੀਆਂ ਵਿਚ ਲਿਜਾਣ 'ਚ ਕਾਫ਼ੀ ਔਕੜਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਉਨ੍ਹਾਂ ਕਿਹਾ ਕਿ ਗੁਰਦਾਸਪੁਰ ਹਲਕੇ ਦੀਆਂ ਸੰਪਰਕ ਸੜਕਾਂ ਦੀ ਮੁਰੰਮਤ ਲਈ ਜੋ ਫੰਡ ਜਾਰੀ ਕੀਤੇ ਹਨ, ਉਸ ਲਈ ਉਹ ਮੁੱਖ ਮੰਤਰੀ ਦੇ ਹਮੇਸ਼ਾ ਧੰਨਵਾਦੀ ਰਹਿਣਗੇ | ਉਨ੍ਹਾਂ ਕੇਂਦਰ ਸਰਕਾਰ ਦੀ ਨਿਖੇਧੀ ਕਰਦਿਆਂ ਕਿਹਾ ਕਿ ਮੋਦੀ ਸਰਕਾਰ ਨੇ ਪੰਜਾਬ ਨਾਲ ਧੱਕਾ ਅਤੇ ਵੱਡਾ ਧੋਖਾ ਕਰਦਿਆਂ ਸੂਬੇ ਦਾ 7757.40 ਕਰੋੜ ਰੁਪਏ ਦਾ ਆਰ.ਡੀ.ਐਫ. ਬਿਨਾਂ ਵਜ੍ਹਾ ਰੋਕ ਕੇ ਪੰਜਾਬੀ ਨਾਲ ਧ੍ਰੋਹ ਕੀਤਾ ਹੈ | ਉਨ੍ਹਾਂ ਕੇਂਦਰ ਸਰਕਾਰ ਨੰੂ ਅਪੀਲ ਕੀਤੀ ਹੈ ਕਿ ਪੰਜਾਬ ਨਾਲ ਧੱਕੇਸ਼ਾਹੀ ਨੰੂ ਬੰਦ ਕਰਕੇ 7757.40 ਕਰੋੜ ਰੁਪਏ ਤੁਰੰਤ ਜਾਰੀ ਕੀਤੇ ਜਾਣ ਜਿਸ ਨਾਲ ਪੰਜਾਬ ਦਾ ਸਰਬਪੱਖੀ ਵਿਕਾਸ ਹੋ ਸਕੇ |