26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਮਾਰਕੀਟ ਕਮੇਟੀ ਕਾਹਨੂੰਵਾਨ ਦੀਆਂ ਦਾਣਾ ਮੰਡੀਆਂ 'ਚ ਨਾ-ਮਾਤਰ ਪ੍ਰਬੰਧ

ਅਜੀਤ ਡੈਸਕ 22-09-2025
ਭੈਣੀ ਮੀਆਂ ਖਾਂ, 21 ਸਤੰਬਰ (ਜਸਬੀਰ ਸਿੰਘ ਬਾਜਵਾ)-ਪੰਜਾਬ ਸਰਕਾਰ ਵਲੋਂ ਹਰ ਸਾਲ ਝੋਨੇ ਦੀ ਖਰੀਦ ਇਕ ਅਕਤੂਬਰ ਤੋਂ ਸ਼ੁਰੂ ਕੀਤੀ ਜਾਂਦੀ ਹੈ, ਪਰ ਇਸ ਸਾਲ ਪੰਜਾਬ ਸਰਕਾਰ ਵਲੋਂ ਝੋਨੇ ਦੀ ਸਰਕਾਰੀ ਖਰੀਦ 16 ਸਤੰਬਰ ਤੋਂ ਹੀ ਸ਼ੁਰੂ ਕਰਨ ਤੇ ਦਾਣਾ ਮੰਡੀਆਂ 'ਚ ਖਰੀਦ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਦੇ ਦਾਅਵੇ ਕੀਤੇ ਗਏ ਹਨ, ਜਦਕਿ ਜ਼ਿਲ੍ਹੇ ਦੀਆਂ ਕੁਝ ਦਾਣਾ ਮੰਡੀਆਂ 'ਚ ਝੋਨੇ ਦੀ ਆਮਦ ਸ਼ੁਰੂ ਹੋਈ ਹੈ, ਪਰ ਜ਼ਿਲ੍ਹੇ ਦੀਆਂ ਬਹੁਤ ਸਾਰੀਆਂ ਦਾਣਾ ਮੰਡੀਆਂ 'ਚ ਅਜੇ ਤੱਕ ਸਾਫ਼-ਸਫ਼ਾਈ ਅਤੇ ਖ਼ਰੀਦ ਦੇ ਪ੍ਰਬੰਧ ਨਾ-ਮਾਤਰ ਦਿਖਾਈ ਦੇ ਰਹੇ ਹਨ | ਦਾਣਾ ਮੰਡੀਆਂ 'ਚ ਖਰੀਦ ਦੇ ਪ੍ਰਬੰਧਾਂ ਦਾ ਜਾਇਜ਼ਾ ਲੈਣ ਲਈ ਅੱਜ ਜਦੋਂ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਅਧੀਨ ਪੈਂਦੀਆਂ ਦਾਣਾ ਮੰਡੀਆਂ ਗੁਨੋਪੁਰ, ਨੂਨਾ ਬਰਕਤਾਂ, ਨਿਮਾਣੇ, ਸਿੱਧਵਾਂ ਤੇ ਭੈਣੀ ਮੀਆਂ ਖਾਂ ਤੇ ਕਾਹਨੂੰਵਾਨ ਦੀ ਦਾਣਾ ਮੰਡੀ ਦਾ ਦੌਰਾ ਕੀਤਾ ਤਾਂ ਕਿਸੇ ਵੀ ਦਾਣਾ ਮੰਡੀ ਵਿਚ ਕਿਸਾਨਾਂ ਦੇ ਬੈਠਣ ਦੇ ਲਈ ਛਾਂ ਅਤੇ ਪੀਣ ਵਾਲੇ ਪਾਣੀ ਦਾ ਕੋਈ ਪ੍ਰਬੰਧ ਨਹੀਂ ਦਿਸਿਆ | ਬੇਟ ਖੇਤਰ ਦੀ ਵੱਡੀ ਮੰਡੀ ਭੈਣੀ ਮੀਆਂ ਖਾਂ ਵਿਚ ਦੇਖਿਆ ਗਿਆ ਕਿ ਮੰਡੀ ਦੇ ਫੜ੍ਹ ਦੇ ਵੱਡੇ ਹਿੱਸੇ ਵਿਚ ਲੋਕਾਂ ਨੇ ਕਬਜ਼ਾ ਕਰਕੇ ਉਸ ਵਿਚ ਆਪਣਾ ਰੈਣ-ਬਸੇਰਾ ਕੀਤਾ ਹੋਇਆ ਹੈ ਤੇ ਫੜ੍ਹ ਵਿਚ ਹੀ ਪਸੂ ਬੰਨੇ ਹੋਏ ਹਨ, ਮੰਡੀ ਦੇ ਫੜ੍ਹ ਵਿਚ ਥਾਂ-ਥਾਂ 'ਤੇ ਗੋਹੇ ਤੇ ਪਰਾਲੀ ਦੇ ਢੇਰ ਲੱਗੇ ਹੋਏ ਸਨ | ਇਸ ਮੰਡੀ ਵਿਚ ਮੰਡੀਕਰਨ ਬੋਰਡ ਵਲੋਂ ਮੰਡੀ ਦੇ ਫੜ੍ਹ ਵਿਚ ਉੱਗੇ ਘਾਹ ਨੂੰ ਖ਼ਤਮ ਕਰਨ ਲਈ ਨਦੀਨਨਾਸ਼ਕ ਦਵਾਈ ਦੀ ਸਪਰੇਅ ਕੀਤੀ ਹੋਈ ਸੀ, ਪਰ ਇਸ ਮੰਡੀ 'ਚ ਕਿਧਰੇ ਵੀ ਛਾਂ ਤੇ ਪਾਣੀ ਦਾ ਪ੍ਰਬੰਧ ਨਹੀਂ ਦਿਖਾਈ ਦਿੱਤਾ, ਜੇਕਰ ਆਉਣ ਵਾਲੇ ਦਿਨਾਂ ਤੱਕ ਮੰਡੀ ਬੋਰਡ ਵਲੋਂ ਇਸ ਮੰਡੀ ਵਿਚ ਕਿਸਾਨਾਂ ਦੇ ਬੈਠਣ ਲਈ ਛਾਂ ਤੇ ਪਾਣੀ ਦਾ ਪ੍ਰਬੰਧ ਨਾ ਕੀਤਾ ਤਾਂ ਫ਼ਸਲ ਵੇਚਣ ਆਏ ਕਿਸਾਨਾਂ ਨੂੰ ਭਾਰੀ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਸਕਦਾ ਹੈ | ਇਸ ਸਬੰਧੀ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਦੇ ਆਗੂ ਰਣਜੀਤ ਸਿੰਘ ਰਾਣਾ ਧੰਦਲ ਨੇ ਕਿਹਾ ਕਿ ਝੋਨੇ ਦੀ ਫ਼ਸਲ 'ਚ ਨਮੀ ਦਾ ਬਹਾਨਾ ਬਣਾ ਕੇ ਕਿਸਾਨਾਂ ਦੀ ਲੁੱਟ-ਖਸੁੱਟ ਕਰਨ ਵਾਲੇ ਆੜ੍ਹਤੀਆਂ ਤੇ ਸ਼ੈਲਰ ਮਾਲਕਾਂ ਨਾਲ ਉਨ੍ਹਾਂ ਦੀ ਜਥੇਬੰਦੀ ਸਖ਼ਤੀ ਨਾਲ ਪੇਸ਼ ਆਵੇਗੀ | ਕਿਸਾਨ ਆਗੂ ਨੇ ਮੰਗ ਕੀਤੀ ਕਿ ਦਾਣਾ ਮੰਡੀਆਂ 'ਚ ਸਾਫ਼ ਸਫ਼ਾਈ, ਕਿਸਾਨਾਂ ਦੇ ਬੈਠਣ ਲਈ ਛਾਂ ਤੇ ਉਨ੍ਹਾਂ ਨੇ ਸਾਫ਼ ਪਾਣੀ ਦਾ ਪ੍ਰਬੰਧ ਕਰਨ ਤੋਂ ਇਲਾਵਾ ਬਾਰਦਾਨੇ ਦਾ ਵੀ ਵੇਲੇ ਸਿਰ ਪ੍ਰਬੰਧ ਕੀਤਾ ਜਾਵੇ | ਇਸ ਸਬੰਧੀ ਮਾਰਕੀਟ ਕਮੇਟੀ ਕਾਹਨੂੰਵਾਨ ਦੇ ਚੇਅਰਮੈਨ ਜਸਪਾਲ ਸਿੰਘ ਪੰਧੇਰ ਨੇ ਕਿਹਾ ਕਿ ਉਹ ਅੱਜ ਹੀ ਦੇ ਅਧਿਕਾਰੀਆਂ ਨੂੰ ਮੰਡੀਆਂ ਵਿਚ ਛਾਂ, ਪਾਣੀ ਤੇ ਸਾਫ਼-ਸਫ਼ਾਈ ਦੇ ਸਾਰੇ ਪ੍ਰਬੰਧ ਮੁਕੰਮਲ ਕਰਨ ਲਈ ਤੁਰੰਤ ਆਦੇਸ਼ ਦੇਣਗੇ |
ਪਿਛਲੀ ਖ਼ਬਰ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀ ਕਰਨ ਦੀ ਸੇਵਾ 'ਤੇ ਲਗਾਏ 30 ਟਰੈਕ... ਅਗਲੀ ਖ਼ਬਰ ਆਰ.ਡੀ. ਖੋਸਲਾ ਸਕੂਲ ਦੀ ਅੰਡਰ-14 ਲੜਕਿਆਂ ਦੀ ਟੀਮ ਜ਼ਿਲ੍ਹਾ ਪੱਧਰੀ ਟੇਬਲ ਟੈਨਿਸ ਟੂਰਨਾਮੈਂਟ 'ਚ ਪਹਿਲੇ ਸਥਾਨ 'ਤੇ ਰਹੀ...

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।