26-09-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-09-2025

ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀ ਕਰਨ ਦੀ ਸੇਵਾ 'ਤੇ ਲਗਾਏ 30 ਟਰੈਕਟਰ

ਅਜੀਤ ਡੈਸਕ 22-09-2025
ਕੋਟਲੀ ਸੂਰਤ ਮੱਲ੍ਹੀ, 21 ਸਤੰਬਰ (ਕੁਲਦੀਪ ਸਿੰਘ ਨਾਗਰਾ)-ਹੜ੍ਹ ਦੇ ਪਾਣੀ ਨੇ ਬਲਾਕ ਡੇਰਾ ਬਾਬਾ ਨਾਨਕ ਦੇ ਕਈ ਪਿੰਡਾਂ 'ਚ ਭਾਰੀ ਤਬਾਹੀ ਮਚਾਈ ਹੈ, ਜਦੋਂ ਕਿ ਧੁੰਸੀ ਬੰਨ ਨੇੜੇ ਜ਼ਿਆਦਾਤਰ ਕਿਸਾਨਾਂ ਦੀਆਂ ਜ਼ਮੀਨਾਂ 'ਚ ਰਿੱਬ, ਰੇਤਾ ਪੈਣ ਕਰਕੇ ਉੱਚੀਆਂ-ਨੀਵੀਆਂ ਹੋ ਗਈਆਂ ਹਨ, ਜਿਸ ਕਰਕੇ ਭਾਰਤੀ ਕਿਸਾਨ ਯੂਨੀਅਨ ਲੱਖੋਵਾਲ ਅਜਿਹੀ ਆਫ਼ਤ ਸਮੇਂ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀ ਕਰਨ ਦੀ ਸੇਵਾ 'ਚ ਡਟ ਗਈ ਹੈ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਭਾਰਤੀ ਕਿਸਾਨ ਯੂਨੀਅਨ ਦੇ ਜ਼ਿਲ੍ਹਾ ਮੀਤ ਪ੍ਰਧਾਨ ਜਸਵਿੰਦਰ ਸਿੰਘ ਰੰਧਾਵਾ, ਸਤਬੀਰ ਸਿੰਘ, ਹਰਪ੍ਰੀਤ ਸਿੰਘ ਤੇ ਬਿੱਲਾ ਬਠਿੰਡਾ ਨੇ ਕੀਤਾ | ਉਨ੍ਹਾਂ ਦੱ ਸਿਆ ਕਿ ਜਥੇਬੰਦੀ ਦੀ ਬਠਿੰਡਾ ਇਕਾਈ 30 ਟਰੈਕਟਰਾਂ ਸਮੇਤ ਕਿਸਾਨਾਂ ਦੀ ਮਦਦ ਲਈ ਪਹੁੰਚ ਗਈ ਹੈ ਤੇ ਆਪਣੇ ਕੋਲੋਂ ਡੀਜ਼ਲ ਪਾ ਕੇ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਨੂੰ ਪੱਧਰਾ ਕਰਕੇ ਜ਼ਮੀਨ ਕਣਕ ਦੀ ਬਿਜਾਈ ਲਈ ਤਿਆਰ ਕਰਕੇ ਦਿੱਤੀ ਜਾਵੇਗੀ | ਕਿਸਾਨਾਂ ਆਗੂਆਂ ਨੇ ਕਿਹਾ ਕਿ ਸਰਕਾਰ ਸੁੱਤੀ ਪਈ ਹੈ ਤੇ ਕਿਸਾਨਾਂ ਦੀ ਮਦਦ ਲਈ ਅੱਗੇ ਨਹੀਂ ਆ ਰਹੀ | ਕਿਸਾਨਾਂ ਆਗੂਆਂ ਨੇ ਕਿਹਾ ਕਿ ਅਜਿਹੀ ਆਫ਼ਤ ਸਮੇਂ ਜਦੋਂ ਕਿਸਾਨਾਂ ਦੀਆਂ ਫ਼ਸਲਾਂ ਤਬਾਹ ਹੋ ਗਈਆਂ ਹਨ, ਜ਼ਮੀਨਾਂ ਖ਼ਰਾਬ ਹੋ ਗਈਆਂ ਹਨ, ਸਹਾਇਕ ਧੰਦਾ ਡੇਅਰੀ ਫਾਰਮਿੰਗ ਵੀ ਨਹੀਂ ਬਚਿਆ, ਸਰਕਾਰ ਨੂੰ ਲੋਕਾਂ ਦੀ ਮਦਦ ਲਈ ਉਨ੍ਹਾਂ ਦੇ ਘਰਾਂ 'ਚ ਪਹੁੰਚ ਜਾਣਾ ਚਾਹੀਦਾ ਸੀ, ਪਰ ਸਰਕਾਰ ਕੁੰਭਕਰਨੀ ਨੀਂਦ ਸੁੱਤੀ ਪਈ ਹੈੈ ਤੇ ਪ੍ਰਭਾਵਿਤ ਦੇਸ਼ ਦਾ ਅੰਨਦਾਤਾ ਕਿਸਾਨ ਗਹਿਰੀ ਚਿੰਤਾ ਦੇ ਆਲਮ 'ਚ ਹੈ, ਜਿਸ ਕਰਕੇ ਉਨ੍ਹਾਂ ਦੀ ਜਥੇਬੰਦੀ ਕਿਸਾਨਾਂ ਦੀ ਸੇਵਾ 'ਚ ਡਟ ਗਈ ਹੈ ਤੇ ਪ੍ਰਭਾਵਿਤ ਕਿਸਾਨਾਂ ਦੀਆਂ ਜ਼ਮੀਨਾਂ ਪੱਧਰੀਆਂ ਕਰਨ ਦੀ ਦਿਨ-ਰਾਤ ਸੇਵਾ ਕਰਕੇ ਆਪਣੇ ਕਿਸਾਨ ਭਰਾਵਾਂ ਦੀ ਜ਼ਿੰਦਗੀ ਮੁੜ ਲੀਹਾਂ 'ਤੇ ਲਿਆਉਣ ਦੇ ਯਤਨ ਕਰੇਗੀ | ਕਿਸਾਨਾਂ ਆਗੂਆਂ ਨੇ ਸਰਕਾਰ ਕੋਲੋਂ ਮੰਗ ਕੀਤੀ ਕਿ ਅਜੇ ਵੀ ਸਮਾਂ ਹੈ ਕਿਸਾਨਾਂ ਦੀ ਬਾਂਹ ਫੜ੍ਹੀ ਜਾਵੇ ਤੇ ਕਿਸਾਨਾਂ ਨੂੰ ਕਣਕ ਦੀ ਬਿਜਾਈ ਲਈ ਖਾਦ ਤੇ ਬੀਜ ਮੁਹੱਈਆ ਕਰਵਾਈ ਜਾਵੇ |
ਪਿਛਲੀ ਖ਼ਬਰ ਬੀ.ਐੱਸ.ਸੀ. ਆਈ.ਟੀ. ਦੇ ਨਤੀਜਿਆਂ 'ਚੋਂ 'ਵਰਸਿਟੀ ਕਾਲਜ ਕਲਾਨੌਰ ਦੇ ਬੱਚਿਆਂ ਨੇ ਮਾਰੀਆਂ ਮੱਲਾਂ ਅਗਲੀ ਖ਼ਬਰ ਮਾਰਕੀਟ ਕਮੇਟੀ ਕਾਹਨੂੰਵਾਨ ਦੀਆਂ ਦਾਣਾ ਮੰਡੀਆਂ 'ਚ ਨਾ-ਮਾਤਰ ਪ੍ਰਬੰਧ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।