ਭੈਣੀ ਮੀਆਂ ਖਾਂ/ਘੱਲੂਘਾਰਾ ਸਾਹਿਬ, 16 ਅਕਤੂਬਰ (ਜਸਬੀਰ ਸਿੰਘ ਬਾਜਵਾ, ਪਰਮ ਮਿਨਹਾਸ)-ਬਲਾਕ ਕਾਹਨੂੰਵਾਨ ਦੇ ਅਧੀਨ ਪੈਂਦੇ ਪਿੰਡ ਭੈਣੀ ਪਾਸਵਾਲ ਤੇ ਕਿਸ਼ਨਪੁਰ ਵਿਚ 'ਜਿਸ ਦਾ ਖੇਤ ਉਸ ਦੀ ਰੇਤ' ਦੀ ਆੜ ਹੇਠ ਦਰਿਆ ਬਿਆਸ ਵਿਚੋਂ ਨਾਜਾਇਜ਼ ਤੌਰ 'ਤੇ ਮਾਈਨਿੰਗ ਕੀਤੀ ਜਾ ਰਹੀ ਹੈ | ਨੇੜਲੇ ਪਿੰਡ ਭੈਣੀ ਪਸਵਾਲ ਅਤੇ ਕਿਸ਼ਨਪੁਰ ਦੇ ਲੋਕਾਂ ਵਲੋਂ ਦਰਿਆ ਬਿਆਸ ਵਿਚ ਹੋ ਰਹੀ ਮਾਈਨਿੰਗ ਨੂੰ ਰੋਕਣ ਦੇ ਲਈ ਧੁੱਸੀ ਬੰਨ੍ਹ ਉੱਪਰ ਧਰਨਾ ਲਗਾ ਦਿੱਤਾ ਗਿਆ ਹੈ | ਇਸ ਸਬੰਧੀ ਸਰਪੰਚ ਜਸਪਾਲ ਸਿੰਘ ਅਤੇ ਜਗਜੀਤ ਸਿੰਘ ਭੈਣੀ ਪਸਵਾਲ ਨੇ ਦੱਸਿਆ ਕਿ ਦਰਿਆ ਬਿਆਸ ਵਿਚੋਂ ਚੋਰੀ ਰੇਤ ਕਰਕੇ ਆ ਰਹੇ ਟਿੱਪਰਾਂ ਨੂੰ ਉਨ੍ਹਾਂ ਵਲੋਂ ਇਕੱਠੇ ਹੋ ਕੇ ਰੋਕ ਦਿੱਤਾ ਗਿਆ ਹੈ | ਇਸ ਦੌਰਾਨ ਹਲਕਾ ਡੀਐਸਪੀ ਕੁਲਵੰਤ ਸਿੰਘ ਮਾਨ ਭਾਰੀ ਪੁਲਿਸ ਬਲ ਸਮੇਤ ਮੌਕੇ ਉੱਤੇ ਪਹੁੰਚਿਆ ਤੇ ਧਰਨਾਕਾਰੀਆਂ ਨਾਲ ਗੱਲਬਾਤ ਕੀਤੀ | ਡੀਐਸਪੀ ਵਲੋਂ ਧਰਨਾਕਾਰੀਆਂ ਦੀ ਮੰਗ 'ਤੇ ਦਰਿਆ ਬਿਆਸ ਵਿਚੋਂ ਰੇਤਾ ਕੱਢ ਰਹੀਆਂ ਦੋ ਪੋਕ ਲਾਈਨ ਮਸ਼ੀਨਾਂ ਤੇ ਟਿੱਪਰਾਂ ਨੂੰ ਕਾਬੂ ਕਰਕੇ ਥਾਣਾ ਭੈਣੀ ਮੀਆਂ ਖਾਂ ਵਿਖੇ ਲਿਆਂਦਾ ਗਿਆ | ਉਨ੍ਹਾਂ ਵਿਸ਼ਵਾਸ ਦਿਵਾਇਆ ਕਿ ਸਬੰਧਤ ਲੋਕਾਂ ਦੇ ਬਿਆਨ ਦਰਜ ਕਰਨ ਤੋਂ ਬਾਅਦ ਅਗਲੀ ਕਾਨੂੰਨੀ ਕਰਵਾਈ ਕੀਤੀ ਜਾਵੇਗੀ, ਜਿਸ ਦੀ ਜਾਂਚ ਕਰਨ ਲਈ ਮਾਈਨਿੰਗ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾਇਆ ਗਿਆ | ਮਾਈਨਿੰਗ ਵਿਭਾਗ ਦੇ ਜੇ.ਈ. ਅਭਿਸ਼ੇਕ ਸ਼ਰਮਾ ਨੇ ਦੱਸਿਆ ਕਿ ਇਸ ਸਬੰਧੀ ਸਾਰੇ ਤੱਥਾਂ ਬਾਰੇ ਜਾਂਚ ਕੀਤੀ ਜਾ ਰਹੀ ਹੈ, ਜੋ ਵੀ ਤੱਥ ਸਾਹਮਣੇ ਆਉਣਗੇ, ਉਸ ਮੁਤਾਬਿਕ ਕਾਨੂੰਨੀ ਕਾਰਵਾਈ ਕੀਤੀ ਜਾਵੇਗੀ | ਇਸ ਸਬੰਧੀ ਰਾਧੇ ਸ਼ਾਮ ਸੁੰਦਰ ਸਟੋਨ ਕਰੈਸ਼ਰ ਦੇ ਮਾਲਕ ਰਾਸ਼ਿਬ ਕੁੰਦਰਾ ਨੇ ਕਿਹਾ ਕਿ ਜਿਸ ਥਾਂ ਤੋਂ ਉਹ ਰੇਤਾ ਕੱਢ ਰਹੇ ਹਨ, ਉਹ ਕਿਸੇ ਜ਼ਿਮੀਂਦਾਰ ਦੀ ਹੈ, ਇਸ ਸਬੰਧੀ ਜ਼ਿਮੀਂਦਾਰ ਦੇ ਨਾਲ ਉਨ੍ਹਾਂ ਦਾ 11 ਏਕੜ ਰਕਬੇ ਦਾ ਠੇਕਾ ਹੋਇਆ ਹੈ | ਟਿੱਪਰ ਮਾਲਕ ਬਲਜੀਤ ਸਿੰਘ ਬੱਲੀ ਨੇ ਦੱਸਿਆ ਕਿ ਕੁਝ ਲੋਕ ਉਸ ਕੋਲੋਂ ਪ੍ਰਤੀ ਸੈਂਕੜੇ ਦੇ ਹਿਸਾਬ ਦੇ ਨਾਲ ਪੈਸਿਆਂ ਦੀ ਮੰਗ ਕਰਦੇ ਸਨ, ਪਰ ਜਦੋਂ ਉਨ੍ਹਾਂ ਨੂੰ ਨਾਂਹ ਕਰ ਦਿੱਤੀ ਤਾਂ ਉਹ ਬਿਨਾਂ ਵਜ੍ਹਾ ਨਾਜਾਇਜ਼ ਮਾਈਨਿੰਗ ਦਾ ਰੌਲਾ ਪਾ ਕੇ ਕੰਮ ਵਿਚ ਵਿਘਨ ਪਾ ਰਹੇ ਹਨ | ਧਰਨਾਕਾਰੀਆਂ ਨੇ ਕਿਹਾ ਕਿ ਇਸ ਸਾਰੀ ਨਾਜਾਇਜ਼ ਮਾਈਨਿੰਗ ਮੌਕੇ ਦੀ ਸਰਕਾਰ ਦੇ ਸਥਾਨਕ ਆਗੂਆਂ ਦੀ ਪੁਸ਼ਤ ਪਨਾਹੀ ਹੇਠ ਹੋ ਰਹੀ ਹੈ |