ਹਰਚੋਵਾਲ, 16 ਅਕਤੂਬਰ (ਭਾਮ, ਢਿੱਲੋਂ)-ਅੱਜ ਤੋਂ 4 ਕੁ ਦਹਾਕੇ ਪਹਿਲਾਂ ਤਿਉਹਾਰਾਂ ਦੇ ਸੀਜ਼ਨ 'ਚ ਵਰਤੀਆਂ ਜਾਣ ਵਾਲੀਆਂ ਵਸਤੂਆਂ ਤੇ ਖਾਣ-ਪੀਣ ਵਾਲੀਆ ਚੀਜ਼ਾਂ ਦੀ ਸ਼ੁੱਧਤਾ ਨੂੰ ਚੁਣੌਤੀ ਨਹੀਂ ਸੀ ਦਿੱਤੀ ਜਾਂਦੀ, ਪਰ ਅੱਜ ਕੱਲ੍ਹ ਖ਼ਾਸ ਕਰਕੇ ਖਾਣ ਵਾਲੀਆਂ ਵਸਤੂਆਂ ਵਿਚ ਅਸ਼ੁੱਧ ਸਸਤੀਆਂ ਤੇ ਅਣਚਾਹੀਆਂ ਚੀਜ਼ਾਂ ਦੇ ਮਿਸ਼ਰਣ ਦੀ ਮਿਲਾਵਟ ਨੂੰ ਖੋਟ ਜਾਂ ਮਿਲਾਵਟ ਦਾ ਨਾਂਅ ਦਿੱਤਾ ਜਾ ਰਿਹਾ ਹੈ | ਖਾਣ ਵਾਲੀਆਂ ਵਸਤੂਆਂ ਦੇ ਛੋਟੇ-ਵੱਡੇ ਅਨੇਕਾਂ ਵਪਾਰੀ ਜ਼ਿਆਦਾ ਮੁਨਾਫ਼ਾ ਕਮਾਉਣ ਦੇ ਚੱਕਰ 'ਚ ਕਈ ਪ੍ਰਕਾਰ ਦੀਆਂ ਜੁਗਤਾਂ ਨਾਲ ਘਟੀਆਂ ਤੇ ਮਿਲਾਵਟੀ ਚੀਜ਼ਾਂ ਨੂੰ ਵਧੀਆ ਦੱਸ ਕੇ ਉੱਚੇ ਮੁੱਲ ਵੇਚਣ ਨੂੰ ਮਿਲਾਵਟ ਜਾਂ ਹੇਰਾਫੇਰੀ ਆਖ ਸਕਦੇ ਹਾਂ | ਸਰਪੰਚ ਹਰਚੋਵਾਲ ਨੇ ਕਿਹਾ ਕਿ ਸਿਹਤ ਵਾਲੇ ਪਾਸੇ ਨੂੰ ਮੁੱਖ ਰੱਖ ਕੇ ਮਿਲਾਵਟਖੋਰੀ ਸਭ ਤੋਂ ਮੋਹਰੀ ਹੈ, ਜਿਸ ਦਾ ਕਾਰਨ ਮਿਲੀਭੁਗਤ ਤੇ ਪ੍ਰਸ਼ਾਸਨ ਦੀ ਢਿੱਲੀ ਕਾਰਗੁਜ਼ਾਰੀ ਹੈ, ਜਿਸ ਕਰਕੇ ਇਸ 'ਚੋਂ ਵੀ ਭਿ੍ਸ਼ਟਾਚਾਰ ਦੀ ਬਦਬੂ ਦਾ ਆਉਣਾ ਸੁਭਾਵਿਕ ਹੈ | ਉਨ੍ਹਾਂ ਕਿਹਾ ਕਿ ਹੁਣ ਤਿਉਹਾਰਾਂ ਦਾ ਸੀਜ਼ਨ ਸ਼ੁਰੂ ਹੋਣ ਜਾ ਰਿਹਾ ਹੈ | ਮਠਿਆਈਆਂ ਤੇ ਘਰਾਂ ਵਿਚ ਹਰ ਰੋਜ਼ ਵਰਤੋਂ ਆਉਣ ਵਾਲੀਆਂ ਚੀਜ਼ਾਂ ਵਿਚ ਮਿਲਾਵਟ ਦੀ ਦੀ ਭਰਮਾਰ ਰਹੇਗੀ | ਹਰਚੋਵਾਲ ਦੇ ਸਰਪੰਚ ਕੈਪਟਨ ਧਰਮਿੰਦਰ ਸਿੰਘ ਰਿਆੜ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਤਿਉਹਾਰਾਂ ਦੇ ਸੀਜ਼ਨ ਨੂੰ ਮੁੱਖ ਰੱਖਦਿਆਂ ਲੋਕਾਂ ਦੇ ਖਾਣ ਪੀਣ ਵਾਲੀਆਂ ਵਸਤੂਆਂ ਦੇ ਨਮੂਨੇ ਭਰ ਕੇ ਜਾਂਚ ਕੀਤੀ ਜਾਵੇ |