ਬਟਾਲਾ, 16 ਅਕਤੂਬਰ (ਸਤਿੰਦਰ ਸਿੰਘ)-ਪੰਜਾਬ ਦੇ ਦਰਿਆਈ ਪਾਣੀਆਂ ਨਾਲ ਜੋ ਧੱਕਾ ਕਾਂਗਰਸ ਪਾਰਟੀ ਨੇ ਕੇਂਦਰੀ ਸੱਤਾ 'ਚ ਰਹਿੰਦਿਆਂ ਕੀਤਾ, ਉਸ ਨੂੰ ਠੀਕ ਕਰਨ ਦੀ ਬਜਾਏ ਕੇਦਰ ਦੀ ਸਰਕਾਰ ਹੁਣ ਉਸੇ ਧੱਕੇਸ਼ਾਹੀ ਨੂੰ ਹੋਰ ਅੱਗੇ ਵਧਾ ਰਹੀ ਹੈ | ਇਹ ਪ੍ਰਗਟਾਵਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਮੁੱਖ ਬੁਲਾਰੇ ਸ: ਕਰਨੈਲ ਸਿੰਘ ਪੀਰ ਮੁਹੰਮਦ ਨੇ ਕਿਹਾ ਕਿ ਪੂਰੇ ਦੇਸ਼ ਵਿਚ ਇਹ ਇਕੋ ਉਦਾਹਰਨ ਹੈ, ਜਿੱਥੇ ਇਕ ਸੂਬੇ ਦੇ ਸੰਵਿਧਾਨਕ ਅਧਿਕਾਰਾਂ ਨੂੰ ਖੋਹ ਕੇ, Tਪੰਜਾਬ ਪੁਨਰਗਠਨ ਐਕਟU ਦੀਆਂ ਧਾਰਾਵਾਂ ਨਾਲ ਉਸ ਦੇ ਪਾਣੀਆਂ ਨੂੰ ਗੈਰ-ਸੰਵਿਧਾਨਿਕ ਤਰੀਕੇ ਨਾਲ ਵੰਡ ਦਿੱਤਾ ਗਿਆ | ਹੁਣ ਕੇਂਦਰ ਸਰਕਾਰ ਬੀਬੀਐਮਬੀ ਤੇ ਡੈਮਾਂ ਉੱਪਰ ਕਬਜ਼ੇ ਨੂੰ ਹੋਰ ਪੀਡਾ ਕਰ ਰਹੀ ਹੈ, ਜੋ ਸਾਫ਼ ਤੌਰ 'ਤੇ ਸੂਬਾਈ ਹੱਕਾਂ 'ਤੇ ਹਮਲਾ ਹੈ | ਸ: ਪੀਰ ਮੁਹੰਮਦ ਨੇ ਕਿਹਾ ਕਿ ਇਹ ਸਾਰੀ ਖੇਡ ਕਾਂਗਰਸ ਦੀ ਪੰਜਾਬ ਤੇ ਸਿੱਖਾਂ ਪ੍ਰਤੀ ਵਿਗੜੀ ਮਾਨਸਿਕਤਾ ਵਿਚੋਂ ਹੀ ਪੈਦਾ ਹੋਈ ਸੀ ਤੇ ਹੁਣ ਭਾਜਪਾ ਉਸੇ ਸੋਚ ਨੂੰ ਨਵੇਂ ਰੂਪ ਵਿਚ ਅੱਗੇ ਵਧਾ ਰਹੀ ਹੈ | ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਸਾਡੇ ਦਰਿਆਈ ਹੱਕਾਂ ਦੀ ਲੜਾਈ ਨੂੰ ਅੰਤ ਤੱਕ ਨਹੀਂ ਲੈ ਕੇ ਗਈਆਂ, ਪਰ ਮੌਜ਼ੂਦਾ ਆਮ ਆਦਮੀ ਪਾਰਟੀ ਦੀ ਸਰਕਾਰ ਤਾਂ ਉਲਟਾ ਨਵੇਂ ਧੱਕਿਆਂ ਵਿਚ ਕੇਂਦਰ ਨਾਲ ਰਲੀ ਹੋਈ ਹੈ, ਜਿੱਥੇ ਚਾਹੀਦਾ ਸੀ ਕਿ ਪੰਜਾਬ ਦੀ ਸਰਕਾਰ ਕੇਂਦਰ ਅੱਗੇ ਸੰਵਿਧਾਨਕ ਤੇ ਰਾਜਨੀਤਕ ਤੌਰ 'ਤੇ ਸੂਬੇ ਦੇ ਹੱਕਾਂ ਲਈ ਖੜ੍ਹੀ ਹੋਵੇ, ਉੱਥੇ ਇਹ ਲੋਕ ਰੋਪੜ ਵਿਚ ਡਰਾਮੇਬਾਜ਼ੀ ਕਰ ਕੇ ਬੀਬੀਐਮਬੀ ਖਿਲਾਫ਼ ਧਰਨੇ ਲਾਉਣ ਤੱਕ ਸੀਮਤ ਰਹੇ ਤਾਂ ਜੋ ਤਮਾਸ਼ਾ ਤਾਂ ਪੈਦਾ ਕੀਤਾ ਜਾ ਸਕੇ, ਪਰ ਠੋਸ ਲੜਾਈ ਨਾ ਲੜੀ ਜਾਵੇ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਤੇ ਸਮਾਜ ਸੇਵੀ ਆਗੂ ਭਾਈ ਗਗਨਦੀਪ ਸਿੰਘ ਰਿਆੜ ਨੇ ਕਿਹਾ ਕਿ ਗੁਰਬਾਣੀ ਦੇ ਪਵਿੱਤਰ ਫ਼ੁਰਮਾਨ ਅਨੁਸਾਰ ਪਵਨ ਗੁਰੂ ਹੈ, ਪਾਣੀ ਪਿਤਾ ਸਮਾਨ ਅਤੇ ਧਰਤੀ ਮਾਂ ਸਮਾਨ ਹੈ | ਜਿਸ ਤਰੀਕੇ ਅਸੀਂ ਆਪਣੇ ਗੁਰੂ, ਮਾਂ ਅਤੇ ਬਾਪ ਦਾ ਸਤਿਕਾਰ ਕਰਦੇ ਹਾਂ, ਉਸੇ ਤਰੀਕੇ ਹੀ ਗੁਰਬਾਣੀ ਸਾਨੂੰ ਉਪਦੇਸ਼ ਸੰਦੇਸ਼ ਦਿੰਦੀ ਹੈ ਕਿ ਅਸੀਂ ਹਵਾ, ਪਾਣੀ ਤੇ ਧਰਤੀ ਨੂੰ ਵੀ ਮਾਂ-ਬਾਪ ਤੇ ਗੁਰੂ ਵਾਲਾ ਦਰਜਾ ਦੇਈਏ | ਪੰਜਾਬ 5 ਦਰਿਆਵਾਂ ਦੀ ਧਰਤੀ ਹੈ | ਕੁਦਰਤ ਨੇ ਹਰ ਖਿੱਤੇ ਦੇਸ਼ ਜਾਂ ਰਾਜ ਨੂੰ ਕਿਸੇ ਨਾ ਕਿਸੇ ਕੁਦਰਤੀ ਖ਼ਜਾਨੇ ਨਾਲ ਨਿਵਾਜਿਆ ਹੈ | ਇਸ ਮੌਕੇ ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਸੀਨੀਅਰ ਆਗੂ ਡਾ. ਕਾਰਜ ਸਿੰਘ, ਗੁਰਮੁੱਖ ਸਿੰਘ ਸੰਧੂ, ਸੁਖਵਿੰਦਰ ਸਿੰਘ ਪਾਹੜਾ, ਲਵਪ੍ਰੀਤ ਸਿੰਘ ਬਟਾਲਾ, ਕੰਵਲਜੀਤ ਸਿੰਘ ਬਿੱਟਾ, ਅਮਨਦੀਪ ਸਿੰਘ ਰਿਆੜ ਆਦਿ ਹਾਜ਼ਰ ਸਨ |