ਪਠਾਨਕੋਟ, 17 ਅਕਤੂਬਰ (ਵਿਨੋਦ)-ਜ਼ਿਲ੍ਹਾ ਪਠਾਨਕੋਟ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲ ਐਸੋਸੀਏਸ਼ਨ ਦੇ ਪ੍ਰਧਾਨ ਰਾਜੇਸ਼ ਪਠਾਨੀਆ ਤੇ ਜਨਰਲ ਸਕੱਤਰ ਸੁਸ਼ੀਲ ਠਾਕੁਰ ਨੇ ਸਾਂਝੇ ਤੌਰ 'ਤੇ ਕਿਹਾ ਕਿ ਪੰਜਾਬ ਦੇ ਸਰਕਾਰੀ ਸਹਾਇਤਾ ਪ੍ਰਾਪਤ ਸਕੂਲਾਂ ਦੇ ਹਜ਼ਾਰਾਂ ਅਧਿਆਪਕਾਂ ਤੇ ਹੋਰ ਕਰਮਚਾਰੀਆਂ ਨੂੰ ਪਿਛਲੇ ਸੱਤ ਮਹੀਨਿਆਂ ਤੋਂ ਤਨਖ਼ਾਹਾਂ ਨਹੀਂ ਮਿਲੀਆਂ ਹਨ | ਨਤੀਜੇ ਵਜੋਂ ਇਨ੍ਹਾਂ ਸਕੂਲਾਂ ਦੇ ਕਰਮਚਾਰੀਆਂ ਨੇ ਬੋਲੀ ਅਤੇ ਗੂੰਗੀ ਸਰਕਾਰ ਵਿਰੁੱਧ ਕਾਲੀ ਦੀਵਾਲੀ ਮਨਾਉਣ ਲਈ 18 ਅਕਤੂਬਰ ਨੂੰ ਤਰਨਤਾਰਨ ਵਿਚ ਵਿਰੋਧ ਪ੍ਰਦਰਸ਼ਨ ਦਾ ਐਲਾਨ ਕੀਤਾ ਹੈ | ਇਸ ਸਬੰਧੀ ਪੰਜਾਬ ਰਾਜ ਸਰਕਾਰ-ਸਹਾਇਤਾ ਪ੍ਰਾਪਤ ਅਧਿਆਪਕ ਅਤੇ ਹੋਰ ਕਰਮਚਾਰੀ ਯੂਨੀਅਨ ਦੇ ਸੂਬਾ ਪ੍ਰਧਾਨ ਗੁਰਮੀਤ ਸਿੰਘ ਮਦਨੀਪੁਰ ਅਤੇ ਸੂਬਾ ਸਕੱਤਰ ਸ਼ਰਨਜੀਤ ਸਿੰਘ ਕਾਦੀਮਾਜਰਾ ਨੇ ਦੱਸਿਆ ਕਿ ਸਿੱਖਿਆ ਤੇ ਵਿੱਤ ਵਿਭਾਗਾਂ ਦੇ ਅਧਿਕਾਰੀਆਂ ਅਤੇ ਮੰਤਰੀਆਂ ਨਾਲ ਵਾਰ-ਵਾਰ ਮੀਟਿੰਗਾਂ ਕਰਨ ਦੇ ਬਾਵਜੂਦ, ਇਨ੍ਹਾਂ ਸਕੂਲਾਂ ਵਿਚ ਕੰਮ ਕਰਦੇ ਹਜ਼ਾਰਾਂ ਅਧਿਆਪਕਾਂ ਅਤੇ ਕਰਮਚਾਰੀਆਂ ਨੂੰ ਮਾਰਚ 2025 ਤੋਂ ਬਾਅਦ ਉਨ੍ਹਾਂ ਦੀਆਂ ਤਨਖ਼ਾਹ ਗਰਾਂਟਾਂ ਜਾਰੀ ਨਹੀਂ ਕੀਤੀਆਂ ਗਈਆਂ ਹਨ | ਉਨ੍ਹਾਂ ਕਿਹਾ ਕਿ ਸਹਾਇਤਾ ਪ੍ਰਾਪਤ ਸਕੂਲਾਂ ਦੇ ਪ੍ਰਬੰਧਨ ਦੇ ਆਡਿਟ ਦੀ ਆੜ ਵਿਚ ਕਰਮਚਾਰੀਆਂ ਦੀਆਂ ਤਨਖ਼ਾਹਾਂ ਲੰਬੇ ਸਮੇਂ ਤੋਂ ਰੋਕੀਆਂ ਗਈਆਂ ਹਨ, ਜਦੋਂ ਕਿ ਵਿਭਾਗ ਕੋਲ ਆਡਿਟ ਕਰਨ ਲਈ ਲੋੜੀਂਦਾ ਸਟਾਫ਼ ਨਹੀਂ ਹੈ | ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ 'ਚ ਸੈਕਸ਼ਨ ਅਫ਼ਸਰਾਂ ਦੀ ਘਾਟ ਦਾ ਖ਼ਮਿਆਜ਼ਾ ਭੁਗਤਣਾ ਪੈ ਰਿਹਾ ਹੈ | ਇਸ ਮੌਕੇ ਉਨ੍ਹਾਂ ਮਨੁੱਖੀ ਅਧਿਕਾਰ ਕਮਿਸ਼ਨ ਨੂੰ ਵੀ ਅਪੀਲ ਕੀਤੀ ਕਿ ਉਹ ਤਨਖ਼ਾਹ ਗ੍ਰਾਂਟਾਂ ਵਿਚ ਬੇਨਿਯਮੀਆਂ ਲਈ ਸਰਕਾਰ ਨੂੰ ਜਵਾਬਦੇਹ ਠਹਿਰਾਉਣ | ਉਨ੍ਹਾਂ ਕਿਹਾ ਕਿ ਸਹਾਇਤਾ ਪ੍ਰਾਪਤ ਸਕੂਲਾਂ ਦੇ ਅਧਿਆਪਕ, ਜੋ 1.76 ਲੱਖ ਵਿਦਿਆਰਥੀਆਂ ਨੂੰ ਪੜ੍ਹਾਉਂਦੇ ਹਨ, ਦੀਵਾਲੀ ਦੇ ਪਵਿੱਤਰ ਤਿਉਹਾਰ 'ਤੇ ਵੀ ਭੁੱਖੇ ਸੌਂ ਰਹੇ ਹਨ |