ਗੁਰਦਾਸਪੁਰ, 22 ਅਕਤੂਬਰ (ਅਸ਼ੋਕ ਸ਼ਰਮਾ)-ਗੁਰਦਾਸਪੁਰ ਸ਼ਹਿਰ ਤੇ ਸਰਹੱਦੀ ਤੇ ਬੇਟ ਖੇਤਰ ਅੰਦਰ ਦੀਵਾਲੀ ਤੇ ਬੰਦੀ ਛੋੜ ਦਿਵਸ ਸ਼ਰਧਾ ਤੇ ਉਤਸ਼ਾਹ ਨਾਲ ਮਨਾਇਆ ਗਿਆ | ਧਾਰਮਿਕ ਅਸਥਾਨਾਂ 'ਤੇ ਗੁਰਬਾਣੀ ਤੇ ਇਲਾਹੀ ਬਾਣੀ ਚੱਲ ਰਹੀ ਸੀ ਤੇ ਕਥਾ ਕੀਰਤਨ ਵੀ ਕੀਤੇ ਜਾ ਰਹੇ ਸਨ | ਇਲਾਕੇ 'ਚ ਧਾਰਮਿਕ ਅਸਥਾਨਾਂ ਨੂੰ ਸਜਾਇਆ ਹੋਇਆ ਸੀ ਤੇ ਰਾਤ ਵੇਲੇ ਆਤਿਸ਼ਬਾਜ਼ੀ ਤੇ ਪਟਾਕਿਆਂ ਦੀ ਖੂਬ ਵਰਤੋਂ ਕੀਤੀ ਗਈ | ਲੋਕ ਕਈ ਪ੍ਰਕਾਰ ਦੀਆਂ ਆਤਿਸ਼ਬਾਜ਼ੀ ਚਲਾ ਕੇ ਮਾਹੌਲ ਕਾਫ਼ੀ ਖੁਸ਼ ਨੁਮਾ ਬਣਾਇਆ ਹੋਇਆ ਸੀ | ਇਸ ਸਬੰਧੀ ਭਾਈ ਬਲਦੇਵ ਸਿੰਘ ਚਾਵਾ ਨੇ ਦੱਸਿਆ ਕਿ ਉਸ ਦੀ ਟੀਮ ਨੇ ਦੀਵਾਲੀ ਦੇ ਤਿਉਹਾਰ ਤੇ ਬੰਦੀ ਛੋੜ ਦਿਵਸ 'ਤੇ ਭਰਪੂਰ ਚਾਨਣਾ ਪਾਇਆ | ਜਦੋਂ ਇਸ ਸਬੰਧੀ ਪੱਤਕਾਰ ਨੇ ਇਲਾਕੇ ਦਾ ਰਾਤ ਵੇਲੇ ਕੁੱਝ ਪਿੰਡਾਂ ਦਾ ਦੌਰਾ ਕੀਤਾ ਤਾਂ ਪਿੰਡ ਵਾਸੀ ਸੈਦੋਵਾਲ ਕਲਾਂ ਦੇ ਚੇਅਰਮੈਨ ਗੁਰਨਾਮ ਸਿੰਘ ਨੇ ਦੱਸਿਆ ਕਿ ਭਾਵੇਂ ਦੀਵਾਲੀ ਤੇ ਬੰਦੀ ਛੋੜ ਦਿਵਸ ਪੂਰੇ ਵਿਸ਼ਵ 'ਚ ਮਨਾਇਆ ਜਾਂਦਾ ਹੈ | ਪਰ ਦੀਵਾਲੀ ਤੇ ਵਿਸ਼ਵਕਰਮਾ ਦਾ ਤਿਉਹਾਰ ਦੋ ਦਿਨ ਭੰਬਲਭੂਸੇ ਵਿਚ ਹੋਣ ਕਰਕੇ ਲੋਕਾਂ ਨੇ ਦੋਵੇਂ ਦਿਨ ਤਿਉਹਾਰ ਮਨਾਇਆ | ਉਨ੍ਹਾਂ ਦੱਸਿਆ ਕਿ ਦੀਵਾਲੀ ਮਨਾਉਣ ਵਾਲੇ ਇਸ ਵਾਰ ਪ੍ਰੇਸ਼ਾਨੀ ਦੇ ਆਲਮ ਵਿਚ ਸਨ | ਸਰਕਾਰਾਂ ਤੇ ਧਾਰਮਿਕ ਜਥੇਬੰਦੀਆਂ ਵਲੋਂ ਲੋਕਾਂ ਦੀ ਖੁਸ਼ੀ ਨੰੂ ਮੁੱਖ ਰੱਖਦੇ ਹੋਏ ਅਗਾਂਹ ਤੋਂ ਇਕ ਤਰੀਕ ਨਿਸ਼ਚਿਤ ਕਰਨੀ ਚਾਹੀਦੀ ਹੈ ਜਿਸ ਨਾਲ ਲੋਕ ਤਿਉਹਾਰ ਦੇ ਭੰਬਲਭੂਸੇ ਤੋਂ ਬਚ ਸਕਣ |