ਬਟਾਲਾ, 22 ਅਕਤੂਬਰ (ਰਾਕੇਸ਼ ਰੇਖੀ)-ਪੁਰਾਣੀ ਰੰਜਿਸ਼ ਦੇ ਚਲਦਿਆਂ ਘਰ ਵਿਚ ਦਾਖਲ ਹੋ ਕੇ ਗੋਲੀ ਚਲਾਉਣ ਦੇ ਦੋਸ਼ ਤਹਿਤ ਪੁਲਿਸ ਨੇ 2 ਨਾਮਜ਼ਦ ਅਤੇ ਇਕ ਅਣਪਛਾਤੇ ਖਿਲਾਫ਼ ਮਾਮਲਾ ਦਰਜ ਕੀਤਾ ਹੈ | ਥਾਣਾ ਕੋਟਲੀ ਸੂਰਤ ਮੱਲ੍ਹੀ ਦੇ ਸਬ ਇੰਸਪੈਕਟਰ ਨਿਸ਼ਾਨ ਸਿੰਘ ਨੇ ਦੱਸਿਆ ਪਿੰਡ ਦੇਹੜ ਦੇ ਲਖਵਿੰਦਰ ਸਿੰਘ ਨੇ ਪੁਲਿਸ ਨੂੰ ਸੂਚਨਾ ਦਿੱਤੀ ਕਿ ਬੀਤੇ ਦਿਨ ਸਵੇਰੇ ਕਰੀਬ 5 ਵਜੇ ਜਦੋਂ ਉਹ ਆਪਣੇ ਘਰ ਵਿਚ ਮੌਜੂਦ ਸੀ ਤਾਂ ਨਿਸ਼ਾਨ ਸਿੰਘ ਵਾਸੀ ਨਬੀਨਗਰ, ਜੋਬਨਪ੍ਰੀਤ ਸਿੰਘ ਵਾਸੀ ਫੱਤੂਪੁਰ ਅਤੇ ਇਕ ਅਣਪਛਾਤੇ ਵਿਅਕਤੀ ਨੇ ਉਸ ਦੇ ਘਰ ਵਿਚ ਦਾਖਲ ਹੋ ਕੇ ਮਾਰ ਦੇਣ ਦੀ ਨੀਅਤ ਨਾਲ ਪਿਸਤੌਲ ਨਾਲ 4 ਗੋਲੀਆਂ ਚਲਾ ਦਿੱਤੀਆ, ਉਸ ਨੇ ਕਿਸੇ ਤਰ੍ਹਾਂ ਆਪਣੀ ਜਾਨ ਬਚਾਈ | ਐਸ.ਆਈ. ਨਿਸ਼ਾਨ ਸਿੰਘ ਨੇ ਗੋਲੀ ਚੱਲਣ ਦੀ ਇਹ ਵਜ੍ਹਾ ਦੱਸੀ ਕਿ ਇਨ੍ਹਾਂ ਦੀ ਕੁਝ ਦਿਨ ਪਹਿਲਾਂ ਬਾਜ਼ਾਰ ਵਿਚ ਝਗੜਾ ਹੋਇਆ ਸੀ | ਇਸੇ ਰੰਜਿਸ਼ ਕਾਰਨ ਗੋਲੀ ਚੱਲੀ ਹੈ | ਪੁਲਿਸ ਨੇ ਉਪਰੋਕਤ ਤਿੰਨਾਂ ਵਿਅਕਤੀਆਂ ਖਿਲਾਫ਼ ਮਾਮਲਾ ਦਰਜ ਕਰ ਲਿਆ ਹੈ |