ਬਟਾਲਾ, 23 ਅਕਤੂਬਰ (ਹਰਦੇਵ ਸਿੰਘ ਸੰਧੂ)-ਬੀਤੀ ਦੀਵਾਲੀ ਦੀ ਰਾਤ ਬਟਾਲਾ ਦੇ ਪਿੰਡ ਗਾਉਂਸਪੁਰਾ ਵਿਖੇ ਕੋਠੇ 'ਤੇ ਖੜੀ ਇਕ ਔਰਤ ਦੇ ਅਚਾਨਕ ਕੋਈ ਚੀਜ਼ ਲੱਗਣ ਕਾਰਨ ਗੰਭੀਰ ਜ਼ਖ਼ਮੀ ਹੋ ਗਈ, ਜਿਸ ਨੂੰ ਇਲਾਜ ਲਈ ਅੰਮਿ੍ਤਸਰ ਦੇ ਹਸਪਤਾਲ ਪਹੁੰਚਾਇਆ ਗਿਆ | ਇਸ ਬਾਰੇ ਪਿੰਡ ਗਾਉਂਸਪੁਰਾ ਦੇ ਵਸਨੀਕ ਅੰਮਿ੍ਤਪਾਲ ਨੇ ਦੱਸਿਆ ਕਿ ਦੀਵਾਲੀ ਦੀ ਰਾਤ ਨੂੰ ਅਸੀਂ ਆਪਣੇ ਕੋਠੇ 'ਤੇ ਬੱਚਿਆਂ ਸਮੇਤ ਆਤਿਸ਼ਬਾਜ਼ੀ ਦਾ ਅਨੰਦ ਮਾਣ ਰਹੇ ਸੀ ਤੇ ਮੇਰੀ ਸੱਸ ਬਿਮਲਾ ਰਾਣੀ ਜਿਹੜੀ ਡੇਰਾ ਬਾਬਾ ਨਾਨਕ ਤੋਂ ਆਈ ਹੋਈ ਸੀ, ਉਸ ਨੂੰ ਛੱਤ ਉਪਰ ਬੁਲਾਇਆ ਗਿਆ | ਉਸ ਨੇ ਕਿਹਾ ਕਿ ਅਜੇ ਉਹ ਛੱਤ ਉਪਰ ਆਏ ਹੀ ਸਨ ਤਾਂ ਅਚਾਨਕ ਉਨ੍ਹਾਂ ਦੇ ਢਿੱਡ 'ਚ ਕੁਝ ਵੱਜਾ ਤਾਂ ਮੇਰੀ ਸੱਸ ਨੇ ਕਿਹਾ ਕਿ ਮੇਰੇ ਢਿੱਡ 'ਚ ਪਟਾਕਾ ਵੱਜ ਗਿਆ ਹੈ, ਜਦ ਦੇਖਿਆ ਉਨ੍ਹਾਂ ਦੇ ਢਿੱਡ ਵਿਚੋਂ ਖੂਨ ਵਗ ਰਿਹਾ ਸੀ, ਉਨ੍ਹਾਂ ਨੂੰ ਤੁਰੰਤ ਸਿਵਲ ਹਸਪਤਾਲ ਬਟਾਲਾ ਪਹੁੰਚਾਇਆ, ਜਿੱਥੋਂ ਡਾਕਟਰਾਂ ਨੇ ਅੰਮਿ੍ਤਸਰ ਲਈ ਤਬਦੀਲ ਕਰ ਦਿੱਤਾ | ਉਨ੍ਹਾਂ ਦੱਸਿਆ ਕਿ ਫਿਰ ਅਸੀਂ ਉਨ੍ਹਾਂ ਨੂੰ ਬਟਾਲਾ ਦੇ ਇਕ ਨਿੱਜੀ ਹਸਪਤਾਲ 'ਚ ਲੈ ਕੇ ਗਏ, ਉਨ੍ਹਾਂ ਨੇ ਵੀ ਤਬਦੀਲ ਕਰ ਦਿੱਤਾ | ਅੰਮਿ੍ਤਸਰ ਦੇ ਗੁਰੂ ਨਾਨਕ ਦੇਵ ਹਸਪਤਾਲ ਦੇ ਡਾਕਟਰਾਂ ਨੇ ਗੋਲੀ ਲੱਗੀ ਹੋਣ ਦਾ ਸ਼ੱਕ ਜਾਹਿਰ ਕੀਤਾ, ਜਦ ਬਿਮਲਾ ਰਾਣੀ ਦਾ ਅਪ੍ਰੇਸ਼ਨ ਕੀਤਾ ਤਾਂ ਉਨ੍ਹਾਂ ਦੇ ਪੇਟ ਵਿਚ ਗੋਲੀ ਨਿਕਲੀ, ਜਿਹੜੀ ਡਾਕਟਰਾਂ ਵਲੋਂ ਸਾਨੂੰ ਦਿਖਾਈ ਗਈ | ਅੰਮਿ੍ਤਪਾਲ ਨੇ ਪੁਲਿਸ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਘਟਨਾ ਦੀ ਬਾਰੀਕੀ ਨਾਲ ਜਾਂਚ ਕੀਤੀ ਜਾਵੇ | ਇਸ ਬਾਰੇ ਅਰਬਨ ਅਸਟੇਟ ਚੌਕੀ ਇੰਚਾਰਜ ਸੁਖਰਾਜ ਸਿੰਘ ਨੇ ਦੱਸਿਆ ਕਿ ਸਾਨੂੰ ਇਸ ਘਟਨਾ ਬਾਰੇ ਸਿਵਲ ਹਸਪਤਾਲ ਤੋਂ ਸੂਚਨਾ ਮਿਲੀ ਸੀ ਕਿ ਗਾਉਂਸਪੁਰਾ ਵਿਖੇ ਆਪਣੀ ਧੀ ਦੇ ਘਰ ਆਈ ਬਿਮਲਾ ਰਾਣੀ ਵਾਸੀ ਡੇਰਾ ਬਾਬਾ ਨਾਨਕ ਨੂੰ ਕੋਠੇ 'ਤੇ ਖਲੌਤਿਆਂ ਅਚਾਨਕ ਢਿੱਡ ਵਿਚ ਕੋਈ ਚੀਜ਼ ਲੱਗੀ, ਜਿਹੜੀ ਅੰਮਿ੍ਤਸਰ ਜ਼ੇਰੇ ਇਲਾਜ ਹੈ, ਜਦੋਂ ਉਹ ਬਿਆਨ ਦੇਣਯੋਗ ਹੋ ਜਾਵੇਗੀ ਤਾਂ ਉਸ ਬਾਰੇ ਬਾਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ |