ਤਿੱਬੜ, 6 ਨਵੰਬਰ (ਭੁਪਿੰਦਰ ਸਿੰਘ ਬੋਪਾਰਾਏ)-ਸ੍ਰੀ ਗੁਰੂ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੇ ਸਬੰਧ ਵਿਚ ਅੱਜ ਪਿੰਡ ਬਖ਼ਤਪੁਰ ਦੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਸੰਗਤਾਂ ਦੇ ਸਹਿਯੋਗ ਨਾਲ ਨਗਰ ਕੀਰਤਨ ਸਜਾਇਆ ਗਿਆ | ਪੰਜ ਪਿਆਰਿਆਂ ਦੀ ਅਗਵਾਈ ਹੇਠ ਸਜਾਇਆ ਇਹ ਨਗਰ ਕੀਰਤਨ ਸਵੇਰੇ 10 ਵਜੇ ਸ਼ੁਰੂ ਹੋ ਕੇ ਪਿੰਡ ਸਹਾਇਪੁਰ ਵਿਖੇ ਪਹੁੰਚਿਆ ਜਿਥੇ ਗੁਰਦੁਆਰਾ ਸਾਹਿਬ ਦੀ ਪ੍ਰਬੰਧਕ ਕਮੇਟੀ ਵਲੋਂ ਪੰਜ ਪਿਆਰਿਆਂ ਤੇ ਪ੍ਰਬੰਧਕਾਂ ਨੰੂ ਸਨਮਾਨਿਤ ਕੀਤਾ ਗਿਆ | ਪਿੰਡ ਸਹਾਇਪੁਰ ਦੀ ਪ੍ਰਕਰਮਾ ਕਰਦਾ ਹੋਇਆ ਇਹ ਨਗਰ ਕੀਰਤਨ ਗੁਰਦੁਆਰਾ ਲਹਿੰਦੀ ਪੱਤੀ ਤੇ ਚੜ੍ਹਦੀ ਪੱਤੀ ਪਿੰਡ ਬਖ਼ਤਪੁਰ ਤੋਂ ਹੁੰਦਾ ਹੋਇਆ ਆਪਣੇ ਆਰੰਭਿਕ ਸਥਾਨ 'ਤੇ ਸਮਾਪਤ ਹੋਇਆ | ਨਗਰ ਕੀਰਤਨ ਵਿਚ ਸ਼ਾਮਿਲ ਸੰਗਤਾਂ ਲਈ ਪਿੰਡ ਸਹਾਇਪੁਰ ਤੇ ਬਖ਼ਤਪੁਰ ਦੀਆਂ ਸੰਗਤਾਂ ਵਲੋਂ ਵੱਖ-ਵੱਖ ਥਾਵਾਂ 'ਤੇ ਲੰਗਰ ਲਗਾਏ ਗਏ | ਨਗਰ ਕੀਰਤਨ ਦੌਰਾਨ ਭਾਈ ਹਰਜਿੰਦਰ ਸਿੰਘ ਅਲਾਵਲਪੁਰ ਦੇ ਕੀਰਤਨੀ ਜਥੇ ਵਲੋਂ ਗੁਰਬਾਣੀ ਕੀਰਤਨ ਰਾਹੀਂ ਸੰਗਤਾਂ ਨੰੂ ਨਿਹਾਲ ਕੀਤਾ ਗਿਆ | ਨਗਰ ਕੀਰਤਨ ਵਿਚ ਵੱਡੀ ਗਿਣਤੀ 'ਚ ਸੰਗਤਾਂ ਨੇ ਹਾਜ਼ਰੀਆਂ ਭਰ ਕੇ ਗੁਰੂ ਘਰ ਦੀਆਂ ਖ਼ੁਸ਼ੀਆਂ ਪ੍ਰਾਪਤ ਕੀਤੀਆਂ | ਇਸ ਮੌਕੇ ਪਿੰ੍ਰਸੀਪਲ ਮੇਜਰ ਸਿੰਘ ਚਾਹਲ, ਤਰਸੇਮ ਸਿੰਘ ਚਾਹਲ, ਗਗਨਦੀਪ ਸਿੰਘ ਸ਼ਾਹ, ਰਵੀ ਸ਼ਾਹ, ਸਤਨਾਮ ਸਿੰਘ ਬਾਜਵਾ, ਗਿਆਨੀ ਗੁਰਮੁਖ ਸਿੰਘ, ਨਰਿੰਦਰ ਸਿੰਘ, ਵੀਰ ਸਿੰਘ, ਮਹਿਕਦੀਪ ਸਿੰਘ ਚਾਹਲ, ਸੂਰਤਾ ਸਿੰਘ, ਜਸਬੀਰ ਸਿੰਘ, ਗਿਆਨੀ ਮਹਿੰਦਰ ਸਿੰਘ, ਗਿਆਨੀ ਜੋਗਿੰਦਰ ਸਿੰਘ ਸਮੇਤ ਹੋਰ ਸੰਗਤਾਂ ਹਾਜ਼ਰ ਸਨ |