ਘਰੋਟਾ, 3 ਦਸੰਬਰ (ਸੰਜੀਵ ਗੁਪਤਾ)-ਬਲਾਕ ਤੇ ਪੰਚਾਇਤ ਸੰਮਤੀ ਚੋਣਾਂ ਲਈ ਨਾਮਜ਼ਦਗੀ ਪ੍ਰਕਿਰਿਆ ਨੇ ਤੇਜ਼ੀ ਨਹੀਂ ਫੜੀ, ਜਦਕਿ ਬਾਕੀ ਇਕ ਦਿਨ ਰਹਿ ਗਿਆ | ਹੁਣ ਤੱਕ ਕੁੱਲ 18 ਬਲਾਕ ਸੰਮਤੀ ਜ਼ੋਨਾਂ ਵਿਚੋਂ ਸਿਰਫ਼ 11 ਉਮੀਦਵਾਰਾਂ ਨੇ ਆਪਣੇ ਨਾਮਜ਼ਦਗੀ ਪੱਤਰ ਦਾਖਲ ਕੀਤੇ ਹਨ | ਜਦੋਂ ਕਿ ਵੱਡੀ ਗਿਣਤੀ ਵਿਚ ਸੰਭਾਵੀ ਉਮੀਦਵਾਰ ਅਜੇ ਵੀ ਦਸਤਾਵੇਜ਼ਾਂ ਅਤੇ ਰਸਮੀ ਕਾਰਵਾਈਆਂ ਨੂੰ ਪੂਰਾ ਕਰਨ ਵਿਚ ਰੁੱਝੇ ਹੋਏ ਹਨ | ਚੋਣ ਦਫ਼ਤਰ ਦੇ ਬਾਹਰ ਆਏ ਕਈ ਸੰਭਾਵੀ ਉਮੀਦਵਾਰਾਂ ਨੇ ਦੱਸਿਆ ਕਿ ਲੋੜੀਂਦੇ ਦਸਤਾਵੇਜ਼ਾਂ ਦੀ ਲੰਬੀ ਸੂਚੀ 'ਤੇ ਆਪਣੀਆਂ ਅਰਜ਼ੀਆਂ ਦਾਖਲ ਕਰਨ ਤੋਂ ਪਛੜ ਰਹੇ | ਬਹੁਤ ਸਾਰੇ ਉਮੀਦਵਾਰਾਂ ਦੇ ਅਨੁਸਾਰ ਕਾਗ਼ਜ਼ੀ ਕਾਰਵਾਈ ਵਿਚ ਜ਼ਿਆਦਾ ਸਮਾਂ ਲੱਗ ਰਿਹਾ ਹੈ | ਜਿਸ ਕਾਰਨ ਨਾਮਜ਼ਦਗੀ ਪ੍ਰਕਿਰਿਆ ਪ੍ਰਭਾਵਿਤ ਹੋਈ ਹੈ | ਜਦਕਿ ਹੁਣ ਇਕ ਦਿਨ ਹੀ ਬਾਕੀ ਰਹਿ ਗਿਆ ਹੈ | ਸਥਾਨਿਕ ਰਾਜਨੀਤਿਕ ਹਲਕਿਆਂ ਵਿਚ ਚਰਚਾ ਹੈ ਕਿ ਜ਼ਿਆਦਾਤਰ ਉਮੀਦਵਾਰ ਅੰਤਿਮ ਦਿਨ ਆਪਣੀਆਂ ਨਾਮਜ਼ਦਗੀਆਂ ਦਾਖਲ ਕਰਨਗੇ, ਜਿਸ ਕਾਰਨ ਦਫ਼ਤਰ ਵਿਚ ਭਾਰੀ ਭੀੜ ਹੋਣ ਦੀ ਉਮੀਦ ਹੈ | ਬਹੁਤ ਸਾਰੇ ਸਮਾਜਿਕ ਕਾਰਕੁਨ ਅਤੇ ਪੰਚਾਇਤ ਪ੍ਰਤੀਨਿਧੀ ਇਹ ਵੀ ਸੁਝਾਅ ਦੇ ਰਹੇ ਹਨ ਕਿ ਪ੍ਰਸ਼ਾਸਨ ਅੰਤਿਮ ਦਿਨ ਭੀੜ ਨੂੰ ਸੰਭਾਲਣ ਲਈ ਵਾਧੂ ਕਾਊਾਟਰ ਅਤੇ ਸਟਾਫ਼ ਤਾਇਨਾਤ ਕਰੇ, ਜਿਸ ਨਾਲ ਸੁਚਾਰੂ ਪ੍ਰਕਿਰਿਆ ਯਕੀਨੀ ਬਣਾਈ ਜਾ ਸਕੇ | ਇਸ ਤੋਂ ਇਲਾਵਾ ਪਿੰਡਾਂ ਵਿਚ ਬਹੁਤ ਸਾਰੇ ਉਮੀਦਵਾਰ ਅਜੇ ਵੀ ਆਪਣੀਆਂ ਟੀਮਾਂ ਨਾਲ ਰਣਨੀਤੀ ਬਣਾਉਣ, ਵਾਰਡ ਪੱਧਰ 'ਤੇ ਸਮਰਥਨ ਇਕੱਠਾ ਕਰਨ ਅਤੇ ਦਸਤਾਵੇਜ਼ਾਂ ਨੂੰ ਅੰਤਿਮ ਰੂਪ ਦੇਣ ਵਿਚ ਰੁੱਝੇ ਹੋਏ ਹਨ | ਕੁਝ ਤਜਰਬੇਕਾਰ ਪੰਚਾਇਤ ਨੁਮਾਇੰਦਿਆਂ ਦਾ ਕਹਿਣਾ ਹੈ ਕਿ ਘਰੋਟਾ ਖੇਤਰ ਵਿਚ ਇਹ ਚੋਣ ਪਹਿਲਾਂ ਨਾਲੋਂ ਕਿਤੇ ਜ਼ਿਆਦਾ ਦਿਲਚਸਪ ਹੋਣ ਜਾ ਰਹੀ ਹੈ, ਕਿਉਂਕਿ ਬਹੁਤ ਸਾਰੇ ਨਵੇਂ ਚਿਹਰੇ ਵੀ ਮੈਦਾਨ ਵਿਚ ਉੱਤਰਨ ਦੀ ਤਿਆਰੀ ਕਰ ਰਹੇ ਹਨ | ਚੋਣ ਵਿਭਾਗ ਦਾ ਕਹਿਣਾ ਹੈ ਕਿ ਆਖ਼ਰੀ ਦਿਨ ਤੱਕ ਨਾਮਜ਼ਦਗੀਆਂ ਦੀ ਕੁੱਲ ਗਿਣਤੀ ਵਿਚ ਕਾਫ਼ੀ ਵਾਧਾ ਹੋਣ ਦੀ ਉਮੀਦ ਹੈ ਅਤੇ ਜੇਕਰ ਭੀੜ ਵਧਦੀ ਹੈ, ਤਾਂ ਸਾਰੇ ਨਾਮਜ਼ਦਗੀਆਂ ਸਮੇਂ ਸਿਰ ਸਵੀਕਾਰ ਕਰਨ ਲਈ ਜ਼ਰੂਰੀ ਪ੍ਰਬੰਧ ਕੀਤੇ ਜਾਣਗੇ | ਸਥਾਨਿਕ ਲੋਕ ਇਸ ਬਾਰੇ ਵੀ ਉਤਸੁਕ ਹਨ ਕਿ ਕਿੰਨੇ ਉਮੀਦਵਾਰ ਚੋਣ ਲੜਨਗੇ ਅਤੇ ਮੁਕਾਬਲਾ ਕਿਵੇਂ ਸ਼ੁਰੂ ਹੋਵੇਗਾ |