ਗੁਰਦਾਸਪੁਰ, 3 ਦਸੰਬਰ (ਅਸ਼ੋਕ ਸ਼ਰਮਾ)- ਗੁਰਦਾਸਪੁਰ ਦੇ ਜ਼ਿਲ੍ਹਾ ਮੈਜਿਸਟ੍ਰੇਟ ਵਲੋਂ ਪਿੰਡਾਂ ਅਤੇ ਕਸਬਿਆਂ ਅੰਦਰ ਅਮਨ ਸ਼ਾਂਤੀ ਨੰੂ ਬਹਾਲ ਰੱਖਣ ਵਾਸਤੇ ਠੀਕਰੀ ਪਹਿਰੇ ਲਗਵਾਉਣ ਦੀ ਮੁਨਿਆਦੀ ਕਰਵਾਈ ਗਈ ਹੈ ਪਰ ਪ੍ਰਸ਼ਾਸਨ ਦੇ ਹੁਕਮਾਂ ਨੰੂ ਐਮ.ਸੀ./ਸਰਪੰਚ ਅਤੇ ਹੋਰ ਮੋਹਤਬਰ ਵਿਅਕਤੀ ਟਿੱਚ ਜਾਣਦੇ ਹਨ | ਜਦੋਂ ਇਸ ਪ੍ਰਤੀਨਿਧ ਨੇ ਵੱਖ-ਵੱਖ ਪਿੰਡਾਂ ਦਾ ਦੌਰਾ ਕੀਤਾ ਤਾਂ ਪਿੰਡਾਂ ਅੰਦਰ ਰਾਤ ਵੇਲੇ ਕੋਈ ਵੀ ਠੀਕਰੀ ਪਹਿਰਾ ਨਹੀਂ ਲੱਗ ਹੋਇਆ ਸੀ ਤੇ ਸਿਰਫ਼ ਕੁਝ ਕੁ ਕਸਬਿਆਂ ਅੰਦਰ ਪ੍ਰਵਾਸੀ ਭਾਰਤੀ ਪਹਿਰਾ ਦਿੰਦੇ ਦੁਕਾਨਾਂ ਅੱਗੇ ਦਿਖਾਈ ਦਿੱਤੇ | ਉਨ੍ਹਾਂ ਦੱਸਿਆ ਕਿ ਸਰਦੀ ਦਾ ਮੌਸਮ ਸ਼ੁਰੂ ਹੋ ਗਿਆ ਹੈ ਅਤੇ ਰਾਤ ਵੇਲੇ ਗ਼ਲਤ ਅਨਸਰਾਂ ਦੀ ਕਾਫ਼ੀ ਭਰਮਾਰ ਹੋ ਗਈ ਹੈ | ਕਈ ਪਿੰਡਾਂ ਅਤੇ ਸ਼ਹਿਰਾਂ ਵਿਚ ਦਿਨ ਦਿਹਾੜੇ ਤੇ ਰਾਤ ਵੇਲੇ ਚੋਰੀਆਂ ਦਾ ਸਿਲਸਿਲਾ ਜਾਰੀ ਹੈ ਜਿਸ ਨਾਲ ਲੋਕ ਕਾਫ਼ੀ ਪ੍ਰੇਸ਼ਾਨੀ ਦੇ ਆਲਮ ਵਿਚ ਹਨ | ਉਨ੍ਹਾਂ ਦੱਸਿਆ ਕਿ ਇਹ ਮਾਮਲਾ ਪੁਲਿਸ ਦੇ ਧਿਆਨ ਵਿਚ ਹੋਣ ਕਰਕੇ ਉਹ ਫਿਰ ਪਿੰਡਾਂ ਅਤੇ ਸ਼ਹਿਰਾਂ ਵਿਚ ਸਰਕਾਰੀ ਹੁਕਮ ਲਾਗੂ ਕਰਵਾਉਣ ਤੋਂ ਅਸਮਰੱਥ ਹਨ | ਉਨ੍ਹਾਂ ਜ਼ਿਲ੍ਹਾ ਪੁਲਿਸ ਮੁਖੀ ਗੁਰਦਾਸਪੁਰ ਤੇ ਡਿਪਟੀ ਕਮਿਸ਼ਨਰ ਗੁਰਦਾਸਪੁਰ ਪਾਸੋਂ ਪੁਰਜ਼ੋਰ ਮੰਗ ਕੀਤੀ ਹੈ ਕਿ ਪਿੰਡਾਂ ਤੇ ਸ਼ਹਿਰਾਂ ਅੰਦਰ ਠੀਕਰੀ ਪਹਿਰੇ ਲਾਜ਼ਮੀ ਕਰਵਾਉਣ ਲਈ ਥਾਣਾ ਮੁਖੀ ਨੰੂ ਸਖ਼ਤ ਤੋਂ ਸਖ਼ਤ ਹਦਾਇਤਾਂ ਜਾਰੀ ਕੀਤੀਆਂ ਜਾਣ |