23-08-2026
ਅੱਖਰ:
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-12-2025

ਵਿਗਿਆਨ ਦੇ ਵਿਦਿਆਰਥੀਆਂ ਲਈ ਵੱਡਾ ਤੋਹਫ਼ਾ, 2 ਦਹਾਕਿਆਂ ਬਾਅਦ ਮਿਲੇਗੀ ਆਧੁਨਿਕ ਸਾਇੰਸ ਲੈਬ

ਅਜੀਤ ਡੈਸਕ 28-12-2025
ਘਰੋਟਾ, 27 ਦਸੰਬਰ (ਸੰਜੀਵ ਗੁਪਤਾ)- ਘਰੋਟਾ ਦੇ ਪੀ.ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਵਿਚ ਪੜ੍ਹ ਰਹੇ ਸਾਇੰਸ ਗਰੁੱਪ ਦੇ ਵਿਦਿਆਰਥੀਆਂ ਲਈ ਵੱਡੀ ਖ਼ਬਰ ਹੈ | ਲਗਪਗ 2 ਦਹਾਕਿਆਂ ਦੀ ਲੰਬੀ ਉਡੀਕ ਤੋਂ ਬਾਅਦ ਹੁਣ ਸਕੂਲ ਵਿਚ ਆਧੁਨਿਕ 3 ਵਿਗਿਆਨ ਲੈਬਾਂ ਬਣਾਈਆਂ ਜਾ ਰਹੀਆਂ ਹਨ | ਇਸ ਫੈਸਲੇ ਨਾਲ ਬਲਾਕ ਭਰ ਦੇ ਵਿਗਿਆਨ ਦੇ ਵਿਦਿਆਰਥੀਆਂ ਵਿਚ ਖੁਸ਼ੀ ਦੀ ਲਹਿਰ ਦੌੜ ਗਈ ਹੈ | ਜਾਣਕਾਰੀ ਅਨੁਸਾਰ ਪੀ.ਐਮ ਸ੍ਰੀ ਯੋਜਨਾ ਤਹਿਤ ਲਗਪਗ 30 ਲੱਖ ਦੀ ਲਾਗਤ ਨਾਲ ਇਕ ਸਾਇੰਸ ਲੈਬ ਦਾ ਨਿਰਮਾਣ ਜੰਗੀ ਪੱਧਰ 'ਤੇ ਸ਼ੁਰੂ ਹੋ ਗਿਆ ਹੈ | ਇਸ ਪ੍ਰੋਜੈਕਟ ਤਹਿਤ ਭੌਤਿਕ, ਰਸਾਇਣ ਤੇ ਜੀਵ ਵਿਗਿਆਨ ਲਈ ਤਿੰਨ ਵੱਖਰੀਆਂ ਲੈਬਾਂ ਬਣਾਈਆਂ ਜਾਣਗੀਆਂ | ਹਰੇਕ ਲੈਬ ਦਾ ਆਕਾਰ ਲਗਪਗ 35*20 ਫੁੱਟ ਹੋਵੇਗਾ, ਜਿਸ ਵਿਚ ਲੈਬਾਂ ਦੇ ਨਾਲ 6 ਫੁੱਟ ਚੌੜਾ ਵਰਾਂਡਾ ਬਣਾਇਆ ਜਾਵੇਗਾ | ਇਹ ਧਿਆਨ ਦੇਣਯੋਗ ਹੈ ਕਿ ਪੀ. ਐਮ. ਸ੍ਰੀ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਘਰੋਟਾ ਖੇਤਰ ਵਿਚ ਇਕ ਇਤਿਹਾਸਕ ਤੇ ਵਕਾਰੀ ਵਿੱਦਿਅਕ ਸੰਸਥਾ ਹੈ | ਹਾਲਾਂਕਿ ਸਕੂਲ ਵਿਚ ਲਗਪਗ 20 ਸਾਲ ਪਹਿਲਾਂ ਇਕ ਵਿਗਿਆਨ ਸਮੂਹ ਸਥਾਪਤ ਕੀਤਾ ਗਿਆ ਸੀ ਪਰ ਸੈਕੰਡਰੀ ਪੱਧਰ 'ਤੇ ਵਿਗਿਆਨ ਪ੍ਰਯੋਗਸ਼ਾਲਾ ਦੀ ਘਾਟ ਕਾਰਨ ਵਿਦਿਆਰਥੀਆਂ ਨੂੰ ਆਪਣੀ ਪੜ੍ਹਾਈ ਵਿਚ ਕਾਫ਼ੀ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈਂਦਾ ਸੀ | ਹੁਣ ਇਕ ਪ੍ਰਯੋਗਸ਼ਾਲਾ ਦਾ ਨਿਰਮਾਣ ਨਾ ਸਿਰਫ਼ ਵਿਦਿਆਰਥੀਆਂ ਨੂੰ ਰਾਹਤ ਪ੍ਰਦਾਨ ਕਰੇਗਾ, ਬਲਕਿ ਉਨ੍ਹਾਂ ਦੀ ਵਿਵਹਾਰਿਕ ਸਮਝ, ਵਿਗਿਆਨਕ ਸੋਚ ਅਤੇ ਗਿਆਨ ਵਿਚ ਵੀ ਵਾਧਾ ਕਰੇਗਾ | ਇਸ ਦੌਰਾਨ ਬਲਾਕ ਵਿਕਾਸ ਸੰਘਰਸ਼ ਕਮੇਟੀ ਨੇ ਵੀ ਇਸ ਸਰਕਾਰੀ ਕਦਮ ਦਾ ਸਵਾਗਤ ਕੀਤਾ ਹੈ | ਇਸ ਮੌਕੇ ਸਰਪੰਚ ਸੰਜੀਵ ਕੁਮਾਰ, ਪੰਚ ਦੇਵ ਦੱਤ, ਸੰਜੀਵ ਮਹਿਰਾ, ਸੰਤੋਖ ਰਾਜ, ਯਸ਼ਪਾਲ, ਸੁਰਿੰਦਰ ਲਾਡੀ, ਕਿਸ਼ਨ ਕਟਲ ਤੇ ਹੋਰਨਾਂ ਨੇ ਕਿਹਾ ਕਿ ਨਵੀਆਂ ਪ੍ਰਯੋਗਸ਼ਾਲਾਵਾਂ ਦੀ ਉਸਾਰੀ ਵਿਦਿਆਰਥੀਆਂ ਦੀ ਲੰਬੇ ਸਮੇਂ ਤੋਂ ਚੱਲੀ ਆ ਰਹੀ ਮੰਗ ਨੂੰ ਪੂਰਾ ਕਰੇਗੀ | ਸਕੂਲ ਪਿ੍ੰਸੀਪਲ ਪੰਕਜ ਮਹਾਜਨ ਤੇ ਜ਼ਿਲ੍ਹਾ ਸਿੱਖਿਆ ਅਧਿਕਾਰੀ ਕਮਲਦੀਪ ਕੌਰ ਨੇ ਇਸ ਪਹਿਲਕਦਮੀ ਦੀ ਸ਼ਲਾਘਾ ਕੀਤੀ |
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਗੁਰੂ ਸਿੰਘ ਸਭਾ ਰਾਣੀ ਦਾ ਤਲਾਬ ਨੇ ਸ਼ਹੀਦੀ ਦਿਹਾੜਾ ਮਨਾਇਆ ਅਗਲੀ ਖ਼ਬਰ ਪਠਾਨਕੋਟ ਜ਼ਿਲ੍ਹੇ ਦੇ ਛੇ ਸਰਕਾਰੀ ਸਕੂਲਾਂ ਨੂੰ ਰਾਸ਼ਟਰੀ ਪੱਧਰ 'ਤੇ ਐਲਾਨਿਆ ਗਰੀਨ ਸਕੂਲ

Subscribers Only Story

ਇਸ ਖ਼ਬਰ ਨੂੰ ਪੂਰਾ ਪੜ੍ਹਨ ਲਈ ਸਬਸਕ੍ਰਾਈਬਰ ਲਾਗਇਨ ਕਰੋ।