ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਫ਼ਾਜ਼ਿਲਕਾ ਦੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਨੇ ਸ੍ਰੀ ਰਾਮ ਕਿਰਪਾ ਸੇਵਾ ਸੰਘ ਵਲੋਂ ਰੈੱਡ ਕਰਾਸ ਸੁਸਾਇਟੀ ਦੇ ਸਹਿਯੋਗ ਨਾਲ ਲਗਾਏ ਗਏ ਕੈਂਪ ਦੌਰਾਨ ਜਿੱਥੇ ਖ਼ੁਦ ਖ਼ੂਨਦਾਨ ਕੀਤਾ, ਉੱਥੇ ਹੋਰ ਲੋਕਾਂ ਨੂੰ ਵੀ ਖ਼ੂਨਦਾਨ ਕਰਨ ਲਈ ਪ੍ਰੇਰਿਤ ਕੀਤਾ | ਇਸ ਮੌਕੇ ਉਨ੍ਹਾਂ ਆਖਿਆ ਕਿ ਖ਼ੂਨਦਾਨ ਇੱਕ ਪਵਿੱਤਰ ਕਾਰਜ ਹੈ ਅਤੇ ਹਰੇਕ ਸਿਹਤ ਮੰਦ ਵਿਅਕਤੀ ਨੂੰ ਖ਼ੂਨਦਾਨ ਜ਼ਰੂਰ ਕਰਨਾ ਚਾਹੀਦਾ ਹੈ | ਉਨ੍ਹਾਂ ਨੇ ਆਖਿਆ ਕਿ ਖ਼ੂਨ ਦਾਨ ਕਰਨ ਨਾਲ ਸਰੀਰ ਨੂੰ ਕੋਈ ਨੁਕਸਾਨ ਨਹੀਂ ਹੁੰਦਾ, ਸਗੋਂ 24 ਘੰਟੇ ਦੇ ਅੰਦਰ ਹੀ ਸਰੀਰ ਖ਼ੂਨ ਮੁੜ ਤੋਂ ਬਣਾ ਲੈਂਦਾ ਹੈ | ਇਸ ਮੌਕੇ ਉਨ੍ਹਾਂ ਨੇ ਕਿਹਾ ਕਿ ਸ੍ਰੀ ਰਾਮ ਕਿਰਪਾ ਸੇਵਾ ਸੰਘ ਵਲੋਂ ਇਹ ਇੱਕ ਬਹੁਤ ਹੀ ਵੱਡਾ ਸਮਾਜ ਸੇਵਾ ਦਾ ਕੰਮ ਕੀਤਾ ਗਿਆ ਹੈ | ਅੱਜ ਦੇ ਇਸ ਮੈਗਾ ਖ਼ੂਨ ਦਾਨ ਕੈਂਪ ਵਿਚ ਨਾ ਕੇਵਲ ਫ਼ਾਜ਼ਿਲਕਾ ਸਗੋਂ ਹੋਰ ਜ਼ਿਲਿ੍ਹਆਂ ਤੋਂ ਵੀ ਬਲੱਡ ਬੈਂਕਾਂ ਦੀਆਂ ਟੀਮਾਂ ਆਈਆਂ ਸਨ ਅਤੇ ਇਸ ਨੇਕ ਕਾਰਜ ਨੂੰ ਨੇਪਰੇ ਚਾੜਿ੍ਹਆ ਗਿਆ | ਇਸ ਮੌਕੇ ਇਲਾਕੇ ਦੇ ਲੋਕਾਂ ਨੇ ਵੱਡੀ ਗਿਣਤੀ ਵਿਚ ਪਹੁੰਚ ਕੇ ਖ਼ੂਨ ਦਾਨ ਕੀਤਾ | ਇਸ ਮੌਕੇ ਵਿਧਾਇਕ ਨਰਿੰਦਰ ਪਾਲ ਸਿੰਘ ਸਵਨਾ ਦੇ ਧਰਮ ਪਤਨੀ ਖ਼ੁਸ਼ਬੂ ਸਾਵਣ ਸੁੱਖਾ ਸਵਨਾ ਵੀ ਵਿਸ਼ੇਸ਼ ਤੌਰ 'ਤੇ ਹਾਜ਼ਰ ਸਨ | ਇਸ ਮੌਕੇ ਸ੍ਰੀ ਰਾਮ ਕਿਰਪਾ ਸੇਵਾ ਸੰਘ ਦੇ ਮੁਖੀ ਰਾਜੀਵ ਕੁਕਰੇਜਾ ਨੇ ਸਾਰੇ ਖ਼ੂਨਦਾਨੀਆਂ ਦਾ ਧੰਨਵਾਦ ਕੀਤਾ ਅਤੇ ਇਸ ਕੈਂਪ ਨੂੰ ਸਫਲ ਬਣਾਉਣ ਵਿਚ ਸਹਿਯੋਗ ਦੇਣ ਵਾਲਿਆਂ ਦਾ ਵੀ ਸ਼ੁਕਰਾਨਾ ਕੀਤਾ |