ਫ਼ਾਜ਼ਿਲਕਾ, 15 ਜੂਨ (ਦਵਿੰਦਰ ਪਾਲ ਸਿੰਘ)-ਪੰਜਾਬ ਸਰਕਾਰ ਵਲੋਂ ਚਲਾਈ ਜਾ ਰਹੀ ਆਮ ਆਦਮੀ ਕਲੀਨਿਕ ਸਕੀਮ ਤਹਿਤ, ਮਹਿਲਾਵਾਂ ਦੀ ਸਿਹਤ ਸੰਭਾਲ ਅਤੇ ਪਰਿਵਾਰ ਨਿਯੋਜਨ ਸੇਵਾਵਾਂ ਨੂੰ ਹੋਰ ਬਿਹਤਰ ਬਣਾਉਣ ਲਈ ਕਲੀਨਿਕਾਂ 'ਚ ਤਾਇਨਾਤ ਡਾਕਟਰਾਂ ਨੂੰ ਗਰਭ ਅਵਸਥਾ ਦੇਖਭਾਲ ਅਤੇ ਪਰਿਵਾਰ ਨਿਯੋਜਨ ਬਾਰੇ ਵਿਸ਼ੇਸ਼ ਸਿਖਲਾਈ ਵਰਕਸ਼ਾਪ ਲਗਾਈ ਗਈ | ਜਿਸ ਵਿਚ ਡਿਪਟੀ ਕਮਿਸ਼ਨਰ ਅਮਰਪ੍ਰੀਤ ਕੌਰ ਸੰਧੂ ਨੇ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਹ ਟਰੇਨਿੰਗ ਸੈਸ਼ਨ ਸੰਬੰਧੀ ਜਾਣਕਾਰੀ ਦਿੰਦਿਆਂ ਸਿਵਲ ਸਰਜਨ ਡਾਕਟਰ ਰਾਜ ਕੁਮਾਰ ਨੇ ਦੱਸਿਆ ਕਿ ਟਰੇਨਿੰਗ ਦਫ਼ਤਰ ਸਿਵਲ ਸਰਜਨ ਵਿਖੇ ਆਯੋਜਿਤ ਕੀਤਾ ਗਿਆ, ਜਿਸ ਵਿਚ ਵੱਖ-ਵੱਖ ਆਮ ਆਦਮੀ ਕਲੀਨਿਕਾਂ ਤੋਂ ਆਏ ਡਾਕਟਰਾਂ ਨੇ ਹਿੱਸਾ ਲਿਆ | ਸੈਸ਼ਨ ਦੌਰਾਨ ਡਾਕਟਰਾਂ ਨੂੰ ਐਨਟੀਨੈਟਲ ਕੇਅਰ ਜਿਸ ਵਿਚ 4 ਚੈਕ ਅੱਪ ਦੌਰਾਨ ਬੀ ਪੀ, ਭਾਰ ਤੋਲਣਾ ਤੇ ਹਾਈ ਰਿਸਕ ਕੇਸ ਦੀ ਪਹਿਚਾਣ ਕਰਨਾ (ਗਰਭਵਤੀ ਮਹਿਲਾਵਾਂ ਦੀ ਸਿਹਤ ਦੀ ਨਿਗਰਾਨੀ), ਪੋਸ਼ਣ, ਟੀਕਾਕਰਨ, ਖ਼ਤਰਨਾਕ ਲੱਛਣਾਂ ਦੀ ਪਛਾਣ ਅਤੇ ਜਨਮ ਉਪਰੰਤ ਸੇਵਾਵਾਂ ਬਾਰੇ ਜਾਣੂ ਕਰਵਾਇਆ ਗਿਆ | ਜਿਸ ਵਿਚ ਸਿਵਲ ਹਸਪਤਾਲ ਦੇ ਇਸਤਰੀ ਰੋਗਾਂ ਦੇ ਮਾਹਿਰ ਡਾ. ਨੁਪੂਰ ਗਰਗ, ਜ਼ਿਲ੍ਹਾ ਮਹਾਂਮਾਰੀ ਅਫ਼ਸਰ ਡਾ. ਸੁਨੀਤਾ ਕੰਬੋਜ, ਡਾ ਅਮਾਨਤ ਕੰਬੋਜ, ਡਾ ਪੰਕਜ ਚੌਹਾਨ, ਮਾਸ ਮੀਡੀਆ ਸ਼ਾਖਾ ਤੋਂ ਦਿਵੇਸ਼ ਕੁਮਾਰ ਹਾਜ਼ਰ ਸੀ |