ਅਬੋਹਰ, 16 ਜੂਨ (ਸੁਖਜੀਤ ਸਿੰਘ ਬਰਾੜ)-ਐੱਸ.ਐੱਸ.ਪੀ.ਗੁਰਮੀਤ ਸਿੰਘ ਵਲ਼ੋਂ ਉਪ ਮੰਡਲ ਦੇ ਪਿੰਡ ਖੂਈਆਂ ਸਰਵਰ ਦਾ ਦੌਰਾ ਕਰ ਪਿੰਡ ਦੀ ਪੰਚਾਇਤ ਵਲੋਂ ਵਿਸ਼ੇਸ਼ ਤਰ੍ਹਾਂ ਦੀ ਚਲਾਈ ਨਸ਼ਾ ਵਿਰੋਧੀ ਮੁਹਿੰਮ ਦੀ ਸ਼ਲਾਘਾ ਕੀਤੀ ਗਈ | ਪਿੰਡ ਦੇ ਸਰਪੰਚ ਅਤੇ ਸੀਨੀਅਰ ਆਗੂ ਸੁਸ਼ੀਲ ਕੁਮਾਰ ਨੇ ਐੱਸ.ਐੱਸ.ਪੀ ਨੂੰ ਦੱਸਿਆ ਕਿ ਉਨ੍ਹਾਂ ਪਿੰਡ ਜਦੋਂ ਵੀ ਕੋਈ ਬਾਹਰੀ ਵਿਅਕਤੀ ਕਿਸੇ ਵੀ ਤਰ੍ਹਾਂ ਦੀ ਵਾਸ (ਉਗਰਾਹੀ) ਲੈਣ ਆਉਂਦਾ ਹੈ ਜਾ ਫਿਰ ਕਿਸੇ ਵੀ ਤਰ੍ਹਾਂ ਦਾ ਪਿੰਡ 'ਚ ਸਾਮਾਨ ਵੇਚਣ ਆਉਂਦਾ ਹੈ ਉਸ ਨੂੰ ਆਪਣਾ ਆਧਾਰ ਕਾਰਡ ਵਿਖਾਉਣਾ ਜ਼ਰੂਰੀ ਹੈ | ਸ਼ੱਕ ਹੋਣ 'ਤੇ ਪਿੰਡ ਦਾ ਕੋਈ ਵੀ ਵਿਅਕਤੀ ਬਾਹਰੀ ਵਿਅਕਤੀ ਦਾ ਆਧਾਰ ਕਾਰਡ ਚੈੱਕ ਕਰ ਸਕਦਾ ਹੈ | ਤਾਂ ਕਿ ਸਮਾਨ ਵੇਚਣ ਦੇ ਬਹਾਨੇ ਕਿਤੇ ਕੋਈ ਵਿਅਕਤੀ ਪਿੰਡ 'ਚ ਨਸ਼ਾ ਹੀ ਨਾ ਵੇਚ ਜਾਵੇ | ਪਿੰਡ ਦੀ ਪੰਚਾਇਤ ਨਸ਼ਾ ਛੱਡਣ ਵਾਲਿਆਂ ਦਾ ਪੱਲਿਓਾ ਮੁਫ਼ਤ ਇਲਾਜ ਕਰਵਾਉਂਦੀ ਹੈ | ਇਸ ਤਰ੍ਹਾਂ ਦੇ ਕਈ ਹੋਰ ਨਸ਼ਾ ਵਿਰੋਧੀ ਫ਼ੈਸਲੇ ਪੰਚਾਇਤ ਨੇ ਲਏ ਹਨ | ਇਸ ਪਿੰਡ ਦੀ ਪੰਚਾਇਤ ਦੇ ਫ਼ੈਸਲਿਆਂ ਤੋਂ ਅੱਜ ਐੱਸ.ਐੱਸ.ਪੀ. ਖ਼ੁਦ ਖ਼ੁਸ਼ ਹੋਏ ਅਤੇ ਉਨ੍ਹਾਂ ਸਰਪੰਚ ਅਤੇ ਪੰਚਾਇਤ ਦੀ ਸ਼ਲਾਘਾ ਕੀਤੀ | ਉਨ੍ਹਾਂ ਪਿੰਡ ਦੇ ਸਰਪੰਚ ਨੂੰ ਇਹ ਵੀ ਕਿਹਾ ਕਿ ਨਸ਼ੇ ਦੇ ਵਿਰੋਧ 'ਚ ਕੋਈ ਵੀ ਫ਼ੈਸਲਾ ਲੈਣਾ ਹੋਵੇ ਤਾਂ ਉਹ ਸਿੱਧਾ ਉਨ੍ਹਾਂ ਨਾਲ ਸੰਪਰਕ ਕਰਨ | ਇਸ ਮੌਕੇ ਪੰਕਜ ਸਵਾਮੀ ਵੀ ਹਾਜ਼ਰ ਸਨ |