ਫ਼ਾਜ਼ਿਲਕਾ, 16 ਜੂਨ (ਦਵਿੰਦਰ ਪਾਲ ਸਿੰਘ)-ਵਧੀਕ ਡਿਪਟੀ ਕਮਿਸ਼ਨਰ (ਵਿਕਾਸ) ਸੁਭਾਸ਼ ਚੰਦਰ ਦੀ ਪ੍ਰਧਾਨਗੀ ਹੇਠ ਜ਼ਿਲ੍ਹਾ ਫ਼ਾਜ਼ਿਲਕਾ ਦੇ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਨਾਲ ਮੀਟਿੰਗ ਹੋਈ | ਇਸ ਵਿਚ ਸੂਬਾ ਪ੍ਰਧਾਨ ਫਰੀਡਮ ਫਾਈਟਰ ਚੇਤੰਨ ਸਿੰਘ, ਜ਼ਿਲ੍ਹਾ ਪ੍ਰਧਾਨ ਫਰੀਡਮ ਫਾਈਟਰ ਬਲਵਿੰਦਰ ਸਿੰਘ, ਫਰੀਡਮ ਫਾਈਟਰ ਸ੍ਰੀਮਤੀ ਸਤਨਾਮ ਕੌਰ, ਜ਼ੋਨ ਇੰਚਾਰਜ ਰਾਮ ਸਿੰਘ ਮਿੱਡਾ, ਜਨ. ਸਕੱਤਰ ਸੁਰਿੰਦਰ ਕੁਮਾਰ, ਖ਼ਜ਼ਾਨਚੀ ਪਰਮਜੀਤ ਸਿੰਘ ਤੋਂ ਇਲਾਵਾ ਹੋਰ ਅਹੁਦੇਦਾਰ ਅਤੇ ਸੁਤੰਤਰਤਾ ਸੰਗਰਾਮੀਆਂ ਦੇ ਪਰਿਵਾਰਕ ਮੈਂਬਰ ਸ਼ਾਮਲ ਹੋਏ | ਇਸ ਮੌਕੇ ਵਧੀਕ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਸੁਤੰਤਰਤਾ ਸੈਨਾਨੀਆਂ ਨੇ ਆਉਣ ਵਾਲੀਆਂ ਪੀੜ੍ਹੀਆਂ ਦੀ ਬਿਹਤਰੀ, ਦੇਸ਼ ਅਤੇ ਸੂਬੇ ਦੇ ਸਰਬਪੱਖੀ ਵਿਕਾਸ ਨੂੰ ਯਕੀਨੀ ਬਣਾਉਣ ਲਈ ਕੁਰਬਾਨੀਆਂ ਦਿੱਤੀਆਂ ਅਤੇ ਸਾਨੂੰ ਸਾਰਿਆਂ ਨੂੰ ਆਪਣੇ ਸੁਤੰਤਰਤਾ ਸੰਗਰਾਮੀਆਂ ਦੀਆਂ ਇੱਛਾਵਾਂ ਦੀ ਕਦਰ ਕਰਨੀ ਚਾਹੀਦੀ ਹੈ | ਉਨ੍ਹਾਂ ਕਿਹਾ ਕਿਹਾ ਜੇਕਰ ਸੁਤੰਤਰਤਾ ਸੰਗਰਾਮੀ ਜੇਕਰ ਕਿਸੇ ਵੀ ਵਿਭਾਗ ਵਿਚ ਆਪਣੇ ਕੰਮ ਲਈ ਆਉਂਦੇ ਹਨ ਤਾਂ ਉਨ੍ਹਾਂ ਦਾ ਕੰਮ ਕਾਨੂੰਨੀ ਤੌਰ ਤੇ ਪਹਿਲ ਦੇ ਆਧਾਰ ਤੇ ਕੀਤਾ ਜਾਵੇ | ਉਨ੍ਹਾਂ ਕਿਹਾ ਕਿ ਸੁਤੰਤਰਤਾ ਸੰਗਰਾਮੀਆਂ ਨਾਲ ਹਮਦਰਦੀ ਭਰਿਆ ਵਤੀਰਾ ਰੱਖਿਆ ਜਾਵੇ ਕਿਉਂਕਿ ਦੇਸ਼ ਨੂੰ ਆਜ਼ਾਦ ਕਰਵਾਉਣ ਵਿਚ ਸੁਤੰਤਰਤਾ ਸੰਗਰਾਮੀਆਂ ਦੀ ਅਹਿਮ ਭੂਮਿਕਾ ਰਹੀ ਹੈ | ਉਨ੍ਹਾਂ ਵੱਲੋਂ ਦੇਸ਼ ਦੀ ਆਜ਼ਾਦੀ ਲਈ ਕੀਤੇ ਗਏ ਕੰਮ ਕਦੇ ਵੀ ਭੁਲਾਏ ਨਹੀਂ ਜਾ ਸਕਦੇ, ਜਿਸ ਸਦਕਾ ਅਸੀਂ ਆਜ਼ਾਦੀ ਦਾ ਨਿੱਘ ਮਾਣ ਰਹੇ ਹਾਂ | ਉਨ੍ਹਾਂ ਇਸ ਮੌਕੇ ਭਰੋਸਾ ਦਵਾਇਆ ਕਿ ਜ਼ਿਲ੍ਹਾ ਪ੍ਰਸ਼ਾਸਨ ਉਨ੍ਹਾਂ ਦੀ ਹਰ ਇੱਕ ਸਮੱਸਿਆ ਦਾ ਹੱਲ ਕਰਨ ਲਈ ਵਚਨਬੱਧ ਹੈ ਅਤੇ ਕਿਸੇ ਨੂੰ ਕੋਈ ਵੀ ਪ੍ਰੇਸ਼ਾਨੀ ਦਾ ਸਾਹਮਣਾ ਨਹੀਂ ਕਰਨ ਦਿੱਤਾ ਜਾਵੇਗਾ | ਇਸ ਦੌਰਾਨ ਸੁਤੰਤਰਤਾ ਸੰਗਰਾਮੀਆਂ ਅਤੇ ਉਨ੍ਹਾਂ ਦੇ ਪਰਿਵਾਰਕ ਮੈਂਬਰਾਂ ਵੱਲੋਂ ਆਪਣੀਆਂ ਸਮੱਸਿਆਵਾਂ ਜਿਵੇਂ ਕਿ ਬੱਸਾਂ ਵਿਖੇ ਸੁਤੰਤਰਤਾ ਸੰਗਰਾਮੀਆਂ ਲਈ ਸਫ਼ਰ ਲਈ ਬੱਸ ਪਾਸ, ਟੋਲ ਪਲਾਜ਼ਾ, ਸੇਵਾ ਕੇਂਦਰਾਂ ਵਿਚ ਵਿਸ਼ੇਸ਼ ਕਾਊਾਟਰ, ਹਸਪਤਾਲਾਂ ਵਿਖੇ ਇਲਾਜ ਆਦਿ ਸਮੱਸਿਆਵਾਂ ਬਾਰੇ ਜਾਣੂ ਕਰਵਾਇਆ | ਉਨ੍ਹਾਂ ਉਕਤ ਸਮੱਸਿਆਵਾਂ ਦਾ ਸਬੰਧਿਤ ਵਿਭਾਗਾਂ ਦੇ ਅਧਿਕਾਰੀਆਂ ਨਾਲ ਵਿਚਾਰ ਵਟਾਂਦਰਾ ਕਰਕੇ ਸਮੱਸਿਆਵਾਂ ਦਾ ਹੱਲ ਕਰਨ ਦੇ ਨਿਰਦੇਸ਼ ਦਿੱਤੇ | ਇਸ ਮੌਕੇ ਡੀ.ਈ.ਓ ਸੈਕੰਡਰੀ ਅਜੇ ਕੁਮਾਰ ਸ਼ਰਮਾ, ਡਿਪਟੀ ਡੀ.ਈ.ਓ ਪ੍ਰਾਇਮਰੀ ਪਰਵਿੰਦਰ ਸਿੰਘ, ਖੇਤੀਬਾੜੀ ਅਫ਼ਸਰ ਡਾ. ਮਮਤਾ, ਜ਼ਿਲ੍ਹਾ ਮੈਨੇਜਰ ਸੇਵਾ ਕੇਂਦਰ ਕੁਨਾਲ ਗੁੰਬਰ, ਬਿਜਲੀ ਵਿਭਾਗ ਤੋਂ ਦਲੀਪ ਸਿੰਘ, ਸਿਹਤ ਵਿਭਾਗ ਤੋ ਡਾ ਐਰਿਕ, ਨਰੇਗਾ ਤੋਂ ਵਿਪਨ ਕੁਮਾਰ, ਪੰਜਾਬ ਰੋਡਵੇਜ਼ ਤੋਂ ਸੰਜੀਵ ਕੁਮਾਰ, ਫੂਡ ਤੇ ਸਪਲਾਈ ਵਿਭਾਗ ਤੋਂ ਸੁਖਵਿੰਦਰ ਸਿੰਘ ਸਮੇਤ ਡੀ.ਸੀ ਦਫ਼ਤਰ ਸਟਾਫ਼ ਆਦਿ ਵਿਭਾਗਾਂ ਦੇ ਕਰਮਚਾਰੀ ਮੌਜੂਦ ਸਨ |